ਇੱਕ ਸੰਘਣੇ ਜੰਗਲ ਵਿੱਚ ਬਾਂਦਰਾਂ ਦਾ ਇੱਕ ਗਿਰੋਹ ਰਹਿੰਦਾ ਸੀ। ਬਾਂਦਰਾਂ ਦਾ ਰਾਜਾ ਬਹੁਤ ਸਿਆਣਾ ਸੀ। ਇੱਕ ਦਿਨ ਉਸ ਨੇ ਆਪਣੇ ਗਿਰੋਹ ਨੂੰ ਇਕੱਠਿਆਂ ਬੁਲਾਇਆ।
'ਮੇਰੇ ਪਿਆਰੇ ਬਾਂਦਰੋ, ਅਸੀਂ ਖੁਸ਼ਕਿਸਮਤ ਹਾਂ ਕਿ ਅਸੀਂ ਇਸ ਸੁੰਦਰ ਜੰਗਲ ਵਿੱਚ ਰਹਿ ਰਹੇ ਹਾਂ ਪਰ ਸਾਵਧਾਨ ਰਹੋ! ਰੁੱਖ ਅਤੇ ਪੌਦੇ ਹਰੇ-ਭਰੇ ਹੋ ਸਕਦੇ ਹਨ, ਪਰ ਉਨ੍ਹਾਂ ਵਿੱਚ ਬਹੁਤ ਸਾਰੇ ਜ਼ਹਿਰੀਲੇ ਫਲ ਹੁੰਦੇ ਹਨ। ਤਲਾਬਾਂ ਵਿੱਚ ਸਾਫ਼, ਚਮਕਦਾਰ ਪਾਣੀ ਹੋ ਸਕਦਾ ਹੈ ਪਰ ਉਨ੍ਹਾਂ ਵਿੱਚੋਂ ਇੱਕ ਵਿੱਚ ਇੱਕ ਭੂਤ ਰਹਿੰਦਾ ਹੈ। ਇਸ ਲਈ, ਪਹਿਲਾਂ ਮੈਨੂੰ ਪੁੱਛੇ ਬਗੈਰ ਕੁਝ ਵੀ ਨਾ ਖਾਓ ਅਤੇ ਪੀਓ!'
ਅਗਲੇ ਦਿਨ ਇੱਕ ਬਾਂਦਰ ਨੂੰ ਪਿਆਸ ਲੱਗੀ। ਉਸ ਨੂੰ ਯਾਦ ਆਇਆ ਕਿ ਰਾਜੇ ਨੇ ਕੀ ਕਿਹਾ ਸੀ ਅਤੇ ਉਹ ਉਸ ਨਾਲ ਗੱਲ ਕਰਨ ਗਿਆ।
'ਬੱਚੇ, ਚਿੰਤਾ ਨਾ ਕਰ!' ਰਾਜੇ ਨੇ ਕਿਹਾ। 'ਮੈਂ ਇਹ ਪਤਾ ਕਰਨ ਲਈ ਤਲਾਬ ਦੀ ਜਾਂਚ ਕਰਾਂਗਾ ਕਿ ਕੀ ਇਹ ਸੁਰੱਖਿਅਤ ਹੈ।'
ਜਦੋਂ ਉਹ ਤਲਾਬ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਵੱਡੇ-ਵੱਡੇ ਕਦਮ ਅੰਦਰ ਜਾ ਰਹੇ ਹਨ ਪਰ ਬਾਹਰ ਨਹੀਂ ਆ ਰਹੇ। ਰਾਜੇ ਨੇ ਸਿੱਟਾ ਕੱਢਿਆ ਕਿ ਇਹ ਉਹ ਥਾਂ ਹੈ ਜਿੱਥੇ ਭੂਤ ਲੁਕਿਆ ਹੋਇਆ ਸੀ। ਸਾਰੇ ਬਾਂਦਰ ਇਸ ਗੱਲੋਂ ਚਿੰਤਤ ਹੋ ਕੇ ਰੋ ਪਏ ਕਿ ਉਹ ਪਾਣੀ ਕਿਵੇਂ ਪੀਣਗੇ। ਰਾਜੇ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਅਤੇ ਭੂਤ ਦਾ ਸਾਹਮਣਾ ਕਰਨ ਲਈ ਚਲਾ ਗਿਆ।
ਭੂਤ ਹੱਸ ਪਿਆ, 'ਤੂੰ ਬਹੁਤ ਵੱਡੀ ਦੁਬਿਧਾ ਵਿੱਚ ਹੈਂ, ਬਾਂਦਰ ਰਾਜੇ! ਜੇ ਤੇਰੇ ਬਾਂਦਰ ਤਲਾਬ ਵਿੱਚ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਖਾ ਜਾਵਾਂਗਾ। ਜੇ ਉਹ ਨਹੀਂ ਆਉਂਦੇ ਤਾਂ ਉਹ ਪਿਆਸ ਨਾਲ ਮਰ ਜਾਣਗੇ!'
ਰਾਜੇ ਨੇ ਸੋਚਿਆ, 'ਮੈਨੂੰ ਇਸ ਦਾ ਹੱਲ ਲੱਭਣਾ ਚਾਹੀਦਾ ਹੈ।'
ਉਸਨੇ ਆਪਣੇ ਬਾਂਦਰਾਂ ਨੂੰ ਬਾਂਸ ਦੇ ਟੁਕੜੇ ਇਕੱਠੇ ਕਰਨ ਲਈ ਕਿਹਾ। ਖੋਖਲੀਆਂ ਬਾਂਸ ਦੀਆਂ ਡੰਡੀਆਂ ਨੂੰ ਇਕੱਠਿਆਂ ਜੋੜ ਕੇ, ਉਸ ਨੇ ਇੱਕ ਵੱਡੀ ਪਾਈਪ ਬਣਾਈ ਜੋ ਤਲਾਬ ਵਿੱਚੋਂ ਪਾਣੀ ਖਿੱਚ ਸਕਦੀ ਸੀ। ਬਾਂਦਰ ਆਪਣਾ ਜੀ ਭਰੇ ਕੇ ਪੀਣ ਦੇ ਯੋਗ ਸਨ।
'ਬਾਂਦਰ ਰਾਜੇ ਦੀ ਜੈ-ਜੈਕਾਰ!' ਬਾਂਦਰਾਂ ਨੇ ਹੋਕਾ ਲਾਇਆ।
ਉਹ ਭੂਤ ਜਿਸ ਨੂੰ ਬਾਂਦਰ ਰਾਜੇ ਨੇ ਪਛਾੜ ਦਿੱਤਾ ਸੀ, ਲਮਕਦੇ ਚਿਹਰੇ ਨਾਲ ਬੁੜਬੁੜਾਉਂਦਾ ਹੋਇਆ ਤਲਾਬ ਵਿੱਚ ਵਾਪਸ ਚਲਾ ਗਿਆ!
ਜਦ ਚੀਜ਼ਾਂ ਮੁਸ਼ਕਿਲ ਜਾਪਦੀਆਂ ਹਨ ਤਾਂ ਕਦੇ ਵੀ ਹਾਰ ਨਾ ਮੰਨੋ, ਬਾਂਦਰ ਰਾਜੇ ਵਾਂਗ ਸਬਰ ਰਖੋ ਅਤੇ ਚੁਸਤ ਬਣੋ!
Enjoyed this story?