(ਇੱਕ ਬੰਗਾਲੀ ਕਹਾਣੀ)

*
ਅਹਰਸੀ ਨਾਮ ਦਾ ਇੱਕ ਵਿਸ਼ਾਲ ਬੰਗਾਲੀ ਟਾਈਗਰ ਸੀ। ਉਹ ਡੂੰਘੀ ਸੋਚ ਵਿਚ ਡੁਬਿਆ ਹੋਇਆ ਸੀ। ਸਰਦੀਆਂ ਦਾ ਮੌਸਮ ਆ ਚੁੱਕਿਆ ਸੀ। ਲੇਕਿਨ ਉਹ ਅਜੇ ਵੀ, ਆਪਣੇ ਪੰਜਿਆਂ ਦੀ ਤਲੀ 'ਤੇ ਬਰਫ ਦਾ ਅਹਿਸਾਸ ਸਹਿਣ ਦੀ ਆਦਤ ਪਾ ਰਿਹਾ ਸੀ। ਮੈਂਗਰੋਵ ਦੀ ਦਲਦਲੀ ਜਮੀਨ ਦੇ ਨਿੱਘੇ ਗਾਰੇ ਨੂੰ ਯਾਦ ਕਰਦੇ ਹੋਏ, ਉਸਦਾ ਸਰੀਰ ਥੋੜ੍ਹਾ ਜਿਹਾ ਕੰਬ ਗਿਆ।
ਅਹਰਸੀ ਨੂੰ ਬਹੁਤ ਸਾਰੀਆਂ ਚੀਜ਼ਾਂ ਯਾਦ ਆ ਰਹੀਆਂ ਸਨ। ਉਹ ਯਾਦ ਕਰਦਾ ਕਿ ਕਿਵੇਂ ਸੂਰਜ ਦੀ ਰੋਸ਼ਨੀ ਵਿੱਚ, ਉਸਦੇ ਸਰੀਰ ਦੇ ਵਾਲ, ਸ਼ਾਨਦਾਰ ਸੰਤਰੀ ਰੰਗ ਵਿੱਚ ਚਮਕਦੇ ਸੀ, ਜਾਂ ਫਿਰ ਕਿੱਦਾਂ ਦੁਪਹਿਰ ਦੀ ਤੇਜ ਰੋਸ਼ਨੀ ਦੀ ਲਿਸ਼ਕੋਰ, ਉਸ ਦੇ ਕਾਲੇ ਰੰਗ ਦੀਆਂ ਧਾਰੀਆਂ ਨੂੰ, ਬਿਜਲੀ ਦੇ ਕਾਲੇ ਬੋਲਟ ਦੀ ਤਰ੍ਹਾਂ ਬੋਲਡ ਅਤੇ ਚਮਕੀਲਾ ਬਣਾਉਂਦੀ ਸੀ। ਉਸਨੂੰ ਗਰਮ ਸ਼ਾਮ ਵਿੱਚ ਝਪਕੀ ਲੈਣਾ ਅਤੇ ਜੰਗਲ ਦੀਆਂ ਵੇਲਾਂ ਨੂੰ ਚੀਰ ਕੇ ਗੁਜ਼ਰਦੀ, ਸੂਰਜ ਦੀ ਆਖਰੀ ਕਿਰਣ ਨੂੰ ਦੇਖਣਾ ਯਾਦ ਆ ਰਿਹਾ ਸੀ। ਉਸ ਨੇ ਸੋਚਿਆ ਕਿ, ਕੀ ਉਹ ਫਿਰ ਕਦੇ, ਰੁੱਖਾਂ ਵਿੱਚ ਗੂੰਜਦੀ ਡੋਏਲ ਚਿੜੀਆਂ ਦੀ ਚਹਿਚਹਾਟ ਸੁਣ ਪਾਵੇਗਾ, ਜਾਂ ਫਿਰ ਕੀ ਠੰਡੀ ਹਵਾ ਵਿੱਚ ਪੱਕ ਚੁਕੇ ਅੰਬਾਂ ਦੀ ਖੁਸ਼ਬੂ ਉਸ ਨੂੰ ਫਿਰ ਤੋਂ ਸੁੰਘਣ ਨੂੰ ਮਿਲੇਗੀ ? ਅਜਿਹੇ ਹੀ ਕੁਝ, ਪਲ ਭਰ ਦੇ, ਦਿਲ ਭਰ ਦੇਣ ਵਾਲੇ ਪਲ ਸੀ, ਜਿਨ੍ਹਾਂ ਦੀ ਤਸਵੀਰ, ਬੰਗਾਲ ਟਾਈਗਰ ਆਪਣੇ ਮਨ ਵਿੱਚ ਬਣਾਉਣ ਦੀ ਕਾਫੀ ਕੋਸ਼ਿਸ਼ ਕਰ ਰਿਹਾ ਸੀ। ਅਹਰਸੀ ਨੂੰ ਉਸ ਦਾ ਘਰ ਚੇਤੇ ਆ ਰਿਹਾ ਸੀ।
ਜਿਵੇਂ ਹੀ ਉਸਨੇ ਇੱਕ ਵੱਡਾ ਸਾਹ ਛੱਡਿਆ, ਉਸਦੀਆਂ ਮੁੱਛਾਂ ਕਰੜਾ ਗਈਆਂ। ਉਹ ਸਾਰੀਆਂ ਮੈਨਾ, ਜੋ ਜੰਮੀ ਹੋਈ ਜਮੀਨ 'ਤੇ ਚੁੰਜ ਮਾਰ ਰਹੀਆਂ ਸਨ, ਉੱਡ ਕੇ ਸਲੇਟੀ ਅਸਮਾਨ ਵਿੱਚ ਖਿੱਲਰ ਗਈਆਂ।
ਤਿੰਨ ਘੰਟੇ ਗੁਜ਼ਰ ਚੁੱਕੇ ਸਨ, ਹਾਲਾਂਕਿ ਉਸ ਨੇ ਸੋਚਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਟਾਈਗਰ ਸਿਰਫ ਅੰਬ ਅਤੇ ਮੈਂਗਰੋਵ ਦੀਆਂ ਕੁੱਝ ਧੁੰਦਲੀਆਂ, ਅਧੂਰੀਆਂ ਤਸਵੀਰਾਂ ਹੀ ਯਾਦ ਕਰ ਪਾ ਰਿਹਾ ਸੀ। ਉਸਨੂੰ ਚਿੰਤਾ ਸੀ ਕਿ ਉਹ ਆਪਣੇ ਪੁਰਾਣੇ ਘਰ ਬਾਰੇ ਸਭ ਕੁੱਝ ਭੁੱਲਦਾ ਜਾ ਰਿਹਾ ਸੀ।
ਜਦੋਂ ਅਹਰਸੀ ਆਪਣੇ ਮਾਤਾ-ਪਿਤਾ ਨਾਲ, ਇੰਗਲੈਂਡ ਵਿੱਚ, ਚਿੜੀਆਘਰ ਵਿਖੇ ਪਹਿਲੀ ਵਾਰ ਆਇਆ ਸੀ, ਤਾਂ ਸੱਭ ਕੁੱਝ ਬਹੁਤ ਉਤਸ਼ਾਹਿਤ ਕਰ ਦੇਣ ਵਾਲਾ ਸੀ। ਉਸ ਨੇ ਜਿਆਦਾ ਸੋਚੇ ਬਿਨਾਂ, ਇਹ ਸੱਭ ਖੁਸ਼ੀ ਨਾਲ ਸਵੀਕਾਰ ਕਰ ਲਿਆ ਸੀ, ਜਦੋਂ ਉਹ ਇੱਕ ਰੁੱਖ ਤੋਂ ਦੂਜੇ 'ਤੇ ਛਾਲ ਮਾਰਦਾ ਜਾਂ ਹਰੇਕ ਫੁੱਲ ਨੂੰ ਸੁੰਘਦਾ ਜਾਂ ਹਰੇਕ ਨਿੱਕੇ ਕੀੜੇ 'ਤੇ ਆਪਣਾ ਪੰਜਾ ਰੱਖਦਾ, ਤਾਂ ਉਸ ਦੀਆਂ ਗਹਿਰੇ ਭੂਰੇ ਰੰਗ ਦੀਆਂ ਅੱਖਾਂ ਵਿੱਚ ਜਗਿਆਸਾ ਭਰ ਜਾਂਦੀ ਸੀ।
ਉਸਦੀ ਮਾਂ ਉਸਨੂੰ ਕਹਿੰਦੀ, 'ਹੁਣ ਟਿਕ ਕੇ ਬੈਠ ਜਾ, ਅਹਰਸੀ। ਤੂੰ ਬਹੁਤ ਚੀਜ਼ਾਂ ਵੇਖ ਲਾਈਆਂ ਹਨ। ਬਾਕੀਆਂ ਚੀਜਾਂ ਦੀ ਪੜਚੋਲ ਕਰਨ ਵਾਸਤੇ ਬਹੁਤ ਸਮਾਂ ਹੈ; ਹੁਣ ਤੈਨੂੰ ਆਰਾਮ ਕਰਨਾ ਚਾਹੀਦਾ ਹੈ।
ਪਰ ਇਸ ਛੋਟੇ ਟਾਈਗਰ ਕੋਲ ਆਰਾਮ ਕਰਨ ਵਾਸਤੇ ਸਮਾਂ ਹੀ ਨਹੀਂ ਸੀ। ਉੱਥੇ ਮਿਲਣ ਲਈ ਨਵੇਂ ਜਾਨਵਰ ਸਨ, ਚੜ੍ਹਾਈ ਕਰਨ ਵਾਸਤੇ ਨਵੇਂ ਰੁੱਖ ਸਨ। ਉਸ ਦੇ ਨਵੇਂ ਘਰ ਬਾਰੇ ਅਜਿਹਾ ਬਹੁਤ ਕੁੱਝ ਸੀ ਜੋ ਉਹ ਜਾਣ ਸਕਦਾ ਸੀ। ਪਹਿਲੇ ਦਿਨ ਸੂਰਜ ਡੁੱਬਣ ਤੋਂ ਪਹਿਲਾਂ ਤੱਕ, ਅਹਰਸੀ ਨੇ ਭੱਜਦੇ-ਟੱਪਦੇ ਸਾਰੇ ਜਾਨਵਰਾਂ ਦੇ ਪਿੰਜਰੇ ਦਾ ਚੱਕਰ ਲਗਾ ਲਿਆ ਸੀ। ਉਹ ਉਨ੍ਹਾਂ ਜਾਨਵਰਾਂ ਤੋਂ ਇੱਕ ਤੋਂ ਬਾਅਦ ਇੱਕ ਨਵਾਂ ਸਵਾਲ ਕਰਦਾ। ਉਹ ਇਸ ਸਵਰਗ ਵਰਗੇ ਨਵੇਂ ਘਰ ਦੇ, ਰੰਗੀਨ ਪੰਛੀਆਂ ਦੇ, ਵਚਿੱਤਰ ਰੰਗਾਂ ਨੂੰ ਆਪਣੀਆਂ ਅੱਖਾਂ ਨਾਲ ਸੋਖਦਾ। ਅਤੇ ਗੈਂਡੇ ਦੇ ਤਬੇਲੇ ਦੀ ਸੁੱਕੀ ਘਾਹ ਦੀ ਮਿੱਠੀ ਅਤੇ ਅਨਜਾਣ ਖੁਸ਼ਬੂ ਨੂੰ ਸੁੰਘਦਾ।
ਜਿਨ੍ਹਾਂ ਜਿਆਦਾ ਅਹਰਸੀ ਖੋਜਬੀਣ ਕਰਦਾ, ਉਸ ਨੂੰ ਉੰਨਾ ਜਿਆਦਾ ਅਹਿਸਾਸ ਹੁੰਦਾ ਕਿ ਉਸ ਦਾ ਇਹ ਨਵਾਂ ਘਰ, ਉਸ ਜਗ੍ਹਾ ਨਾਲੋਂ ਕਿੰਨਾ ਵੱਖਰਾ ਹੈ, ਜਿੱਥੋਂ ਉਹ ਆਇਆ ਸੀ। ਪਰ ਹੁਣ ਨੋਜਵਾਨ ਟਾਈਗਰ ਨੂੰ ਫਿਕਰ ਹੋਣ ਲੱਗੀ ਕਿ ਉਹ ਆਪਣੀ ਮਾਤਭੂਮੀ ਦੀਆਂ ਸਾਰੀਆਂ ਕੀਮਤੀ ਯਾਦਾਂ ਖੋਹ ਦੇਵੇਗਾ। ਉਸ ਨੂੰ ਫਿਕਰ ਸੀ ਕਿ ਉਹ ਇੱਕ ਬੰਗਾਲ ਟਾਈਗਰ ਹੋਣ ਬਾਰੇ ਸੱਭ ਕੁਝ ਭੁੱਲ ਜਾਵੇਗਾ।
*
ਅਹਰਸੀ ਨੇ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲਈਆਂ ਅਤੇ ਆਪਣੀ ਪੂਛ ਨੂੰ ਜਾਣ-ਬੁੱਝ ਕੇ ਇੱਕ ਪਾਸੇ ਤੋਂ ਦੂਜੇ ਪਾਸੇ ਹਿਲਾਉਣ ਲੱਗਾ। ਉਸਨੇ ਆਪਣੇ ਆਪ ਨੂੰ ਕਿਹਾ, 'ਯਾਦ ਕਰ, ਹੋਰ ਜ਼ੋਰ ਪਾਕੇ ਯਾਦ ਕਰਨ ਦੀ ਕੋਸ਼ਿਸ਼ ਕਰ !'
ਕਈ ਘੰਟੇ ਗੁਜ਼ਰ ਗਏ, ਹਨੇਰਾ ਹੁੰਦਾ ਜਾ ਰਿਹਾ ਸੀ ਅਤੇ ਬਾਕੀ ਜਾਨਵਰ ਚੰਨ ਦੇ ਚਾਨਣ ਵਿੱਚ ਆਰਾਮ ਕਰਨ ਲੱਗੇ। ਕੁਝ ਦੇਰ ਬਾਅਦ, ਅਹਰਸੀ ਨੂੰ ਮਹਿਸੂਸ ਹੋਇਆ ਕਿ ਕੋਈ ਉਸ ਵੱਲ ਦੇਖ ਰਿਹਾ ਸੀ। ਉਸ ਨੇ ਇੱਕ ਅੱਖ ਖੋਲੀ। ਉਸ ਨੇ ਜਿੰਨਾ ਸੰਭਵ ਹੋ ਸਕਦਾ ਸੀ, ਉੰਨਾ ਧਿਆਨ ਕੇਂਦਰਿਤ ਕੀਤਾ; ਉਹ ਬੱਸ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਬੱਸ ਕੇਵਲ ਯਾਦ ਕਰਨ ਦੀ ਕੋਸ਼ਿਸ਼। ਉਸਦੇ ਸਾਹਮਣੇ ‘ਜ਼ੋਡੀ ਦ ਲੈਪਰਡ’ ਖੜ੍ਹੀ ਸੀ।
'ਤੁਸੀਂ ਕੀ ਕਰ ਰਹੇ ਹੋ?', ਗਹਿਰੀ, ਘੁਰ-ਘੁਰ ਕਰਦੀ ਆਵਾਜ਼ ਆਈ।
'ਮੈਂ ਯਾਦ ਕਰ ਰਿਹਾ ਹਾਂ', ਅਹਰਸੀ ਨੇ ਜਵਾਦ ਦਿੱਤਾ। 'ਹੁਣ ਜੇਕਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ ਤਾਂ...' ਏਦਾਂ ਕਹਿ ਕੇ ਅਹਰਸੀ ਨੇ ਇੱਕ ਵਾਰ ਫਿਰ ਆਪਣੀਆਂ ਅੱਖਾਂ ਬੰਦ ਕਰ ਲਈਆਂ। ਅਤੇ ਹੋਰ ਜ਼ੋਰ ਪਾਕੇ ਧਿਆਨ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਨ ਲਗਾ।
'ਯਾਦ ਕਰ ਰਹੇ ਹੋ?' ਜ਼ੋਡੀ ਨੇ ਪੁੱਛਿਆ।
ਹਾਂ, ਮੈਂ ਬੰਗਾਲ ਟਾਈਗਰ ਹੋਣ ਬਾਰੇ, ਅਤੇ ਮੈਂ ਜਿਸ ਥਾਂ ਤੋਂ ਆਇਆ ਹਾਂ ਉਸ ਬਾਰੇ, ਸੱਭ ਕੁਝ ਭੁੱਲ ਗਿਆ ਹਾਂ। ਇਸ ਲਈ ਮੈਂ ਉਹ ਸੱਭ ਯਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਇਸ ਤੋਂ ਪਹਿਲਾਂ ਕਿ ਮੈਂ ਸੱਭ ਕੁੱਝ ਹਮੇਸ਼ਾਂ ਵਾਸਤੇ ਭੁੱਲ ਜਾਵਾਂ। ਹੁਣ ਜੇਕਰ ਤੁਹਾਨੂੰ ਕੋਈ ਸਮੱਸਿਆ ਨਹੀਂ ਹੈ ਤਾਂ...'
ਇੱਕ ਵਾਰ ਫਿਰ ਅਹਰਸੀ ਨੇ ਆਪਣੀਆਂ ਅੱਖਾਂ ਘੁੱਟ ਕੇ ਬੰਦ ਕਰ ਲਈਆਂ ਅਤੇ ਆਪਣੀ ਮਾਤਭੂਮੀ ਦੇ ਦ੍ਰਿਸ਼ਾਂ ਨੂੰ ਯਾਦ ਕਰਨ ਲਗਾ।
'ਅੱਖਾਂ ਬੰਦ ਕਰਕੇ ਤਾਂ ਤੁਸੀਂ ਕੋਈ ਜਿਆਦਾ ਦੂਰ ਤੱਕ ਦਾ ਨਹੀਂ ਦੇਖ ਸਕੋਗੇ,' ਜ਼ੋਡੀ ਨੇ ਕਿਹਾ।
ਅਹਰਸੀ ਨੇ ਆਪਣੀਆਂ ਪੂਰੀਆਂ ਅੱਖਾਂ ਖੋਲ੍ਹੀਆਂ, ਹੁਣ ਤੱਕ ਉਹ ਕਾਫੀ ਖਿੱਝ ਗਿਆ ਸੀ। ਉਸ ਨੇ ਕਿਹਾ, 'ਜਦੋਂ ਤੱਕ ਤੁਸੀਂ ਮੈਨੂੰ ਇਕੱਲਾ ਨਹੀਂ ਛੱਡਦੀ, ਮੈਨੂੰ ਕੁੱਝ ਵੀ ਯਾਦ ਨਹੀਂ ਆਉਣਾ। ਵੈਸੇ ਵੀ, ਇਹ ਗੱਲ ਤੁਹਾਨੂੰ ਸਮਝ ਨਹੀਂ ਆਵੇਗੀ। ਤੁਸੀਂ ਤਾਂ ਇੱਕ ਟਾਈਗਰ ਵੀ ਨਹੀਂ ਹੋ, ਬੰਗਾਲ ਟਾਈਗਰ ਹੋਣ ਦੀ ਗੱਲ ਤਾਂ ਰਹਿਣ ਹੀ ਦਿਓ ! ਤੁਸੀਂ ਤਾਂ ਇੱਕ ਚੀਤਾ ਹੋ!'
ਜ਼ੋਡੀ ਨੇ ਤੇਜ਼-ਤੇਜ਼ ਹੱਸਦੇ ਹੋਏ ਕਿਹਾ, 'ਬੁੱਧੂ ਜਾਨਵਰ ! ਉੱਥੇ ਦੇਖੋ !' ਉਸਨੇ ਸਖਤ ਜ਼ਮੀਨ 'ਤੇ ਪਏ, ਇੱਕ ਚਮਕਦੇ ਹੋਏ, ਚਿਕਨੇ ਬਰਫ ਦੇ ਟੁਕੜੇ ਵੱਲ ਇਸ਼ਾਰਾ ਕੀਤਾ।
ਅਹਰਸੀ ਨੇ ਜ਼ੋਡੀ ਵੱਲ ਉਲਝਣ ਨਾਲ ਵਾਪਿਸ ਦੇਖਿਆ। 'ਮੇਰੇ ਖਿਆਲ ਨਾਲ ਤੁਸੀਂ ਥੋੜ੍ਹੀ ਜਿਹੀ ਪਾਗਲ ਹੋ ਗਈ ਹੋ।', ਉਸਨੇ ਕਿਹਾ, ਅਤੇ ਉਸੇ ਵਕਤ, ਉਸ ਦਾ ਦਿਲ ਤਕਰੀਬਨ ਆਪਣੇ ਆਪ ਵਿੱਚ ਹੱਸਣ ਨੂੰ ਕੀਤਾ।
'ਜੇ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਕਿ ਟਾਈਗਰ ਕਿਵੇਂ ਬਣਨਾ ਹੈ, ਬਸ ਇੱਥੇ ਦੇਖੋ !, ਜ਼ੋਡੀ ਨੇ ਮਿੱਠੇ ਸੁਭਾਅ ਨਾਲ ਕਿਹਾ।
ਅਹਰਸੀ ਬੋਲਿਆ, 'ਠੀਕ ਹੈ, ਜੇਕਰ ਤੁਸੀਂ ਮੈਨੂੰ ਇਕੱਲਾ ਛੱਡ ਦਿੰਦੀ ਹੋ, ਤਾਂ ਮੈਂ ਦੇਖਾਂਗਾ।
*
ਅਹਰਸੀ ਨੇ ਆਪਣੀ ਗਰਦਨ ਥੋੜੀ ਜਿਹੀ ਮੋੜੀ ਅਤੇ ਉਸ ਨੇ ਜਮੀਨ 'ਤੇ ਪਈ ਸ਼ੀਸ਼ੇ ਵਰਗੀ ਬਰਫ ਵਿੱਚ ਧਿਆਨ ਨਾਲ ਵੇਖਿਆ। ਜ਼ੋਡੀ, ਉਸਦੇ ਮੋਢੇ ਦੇ ਕੋਲ ਆਕੇ, ਹੋਲੀ ਜਿਹੀ ਘੁਰ-ਘੁਰ ਕਰਦਿਆਂ ਬੋਲੀ।
ਉਸ ਨੇ ਕਿਹਾ, 'ਤੁਹਾਡੇ ਸਰੀਰ 'ਤੇ ਕਿੰਨੀਆਂ ਸੋਹਣੀਆਂ ਧਾਰੀਆਂ ਹਨ। ਜਦੋਂ ਮੈਂ ਸ਼ੀਸ਼ੇ 'ਚ ਦੇਖਦੀ ਹਾਂ ਤਾਂ ਮੈਨੂੰ ਮੇਰੇ ਸਰੀਰ ਦੇ ਸਪਾਟ (ਧੱਬੇ) ਦਿੱਖਦੇ ਹਨ। ਕਿਸੇ ਹੋਰ ਕੋਲ ਮੇਰੇ ਵਰਗੇ ਸਪਾਟ ਨਹੀਂ ਹਨ।
ਮੇਰੀ ਮਾਤਾ ਦੇ ਸਰੀਰ 'ਤੇ ਵੀ ਸਪਾਟ ਸਨ, ਅਤੇ ਮੇਰੀ ਮਾਤਾ ਦੀ ਮਾਤਾ ਦੇ ਵੀ, ਅਤੇ ਮੇਰੀ ਮਾਤਾ ਦੀ, ਮਾਤਾ ਦੀ ਮਾਤਾ ਦੇ ਵੀ... ਇਸੇ ਤਰ੍ਹਾਂ ਬਹੁਤ ਸਮਾਂ ਪਹਿਲਾਂ, ਜਦੋਂ ਮੇਰੀ ਪੜਦਾਦੀ ਦੀ ਪੜਦਾਦੀ ਦੱਖਣੀ ਅਫ਼ਰੀਕਾ ਦੇ ਘਾਹ ਦੇ ਮੈਦਾਨਾਂ ਵਿੱਚ ਗੇੜੇ ਲਾਉਂਦੀ ਫਿਰਦੀ ਸੀ, ਉਨ੍ਹਾਂ ਦੇ ਸਰੀਰ 'ਤੇ ਵੀ ਸਪਾਟ ਸਨ।
ਅਹਰਸੀ ਨੇ ਧਿਆਨ ਦਿੱਤਾ ਕਿ ਜਿਦਾਂ ਹੀ ਜ਼ੋਡੀ, ਸੂਰਜ ਨਾਲ ਤੱਪਦੇ, ਸਵਾਨਾ ਦੇ ਮੈਦਾਨਾਂ ਅਤੇ ਹਰੇ-ਭਰੇ ਜੰਗਲਾਂ, ਜਿੱਥੇ ਉਸਦਾ ਘਰ ਸੀ, ਦੇ ਦ੍ਰਿਸ਼ ਬਿਆਨ ਕਰ ਰਹੀ ਸੀ, ਉਸ ਦੀਆਂ ਅੱਖਾਂ ਚਮਕਦੀਆਂ ਜਾ ਰਹੀਆਂ ਸਨ। ਉਸਨੇ ਬੋਲਣਾ ਜਾਰੀ ਰੱਖਿਆ, 'ਜਦੋਂ ਮੈਂ ਆਪਣੇ ਸਰੀਰ ਦੇ ਧੱਬਿਆਂ ਨੂੰ ਦੇਖਦੀ ਹਾਂ, ਮੈਨੂੰ ਮੇਰਾ ਪੂਰਾ ਇਤਿਹਾਸ ਦਿੱਖਦਾ ਹੈ ਅਤੇ ਮੇਰੇ ਕੋਲ ਮੇਰੇ ਸਪਾਟ ਹਮੇਸ਼ਾਂ ਰਹਿਣਗੇ।' ਉਸ ਨੇ ਅਹਰਸੀ ਨੂੰ ਅੱਖ ਮਾਰਦੇ ਹੋਏ ਕਿਹਾ, 'ਆਖਿਰਕਾਰ ਚੀਤਾ ਕਦੇ ਆਪਣੇ ਸਪਾਟ ਨਹੀਂ ਬਦਲਦੇ!'
'ਲੇਕਿਨ ਤੁਹਾਨੂੰ ਕਦੇ ਘਰ ਦੀ ਯਾਦ ਨਹੀਂ ਆਉਂਦੀ ਜਾਂ ਤੁਸੀਂ ਕਦੇ ਉਦਾਸ ਨਹੀਂ ਹੁੰਦੀ ? ਇੱਥੇ ਸਭ ਕੁਝ ਕਿੰਨਾ ਅਲੱਗ ਹੈ।', ਨੌਜਵਾਨ ਟਾਈਗਰ ਨੇ ਆਪਣੀ ਇੱਕੋ ਮਿਆਓਂ ਵਿੱਚ ਪੁੱਛਿਆ।
'ਸਾਨੂੰ ਸੱਭ ਨੂੰ ਘਰ ਦੀ ਯਾਦ ਆਉਂਦੀ ਹੈ,' ਜ਼ੋਡੀ ਨੇ ਬਰਫ 'ਤੇ ਆਪਣਾ ਪੰਜਾ ਰੱਖਦਿਆਂ ਜਵਾਬ ਦਿੱਤਾ, 'ਲੇਕਿਨ, ਸਾਡਾ ਪਰਛਾਵਾਂ ਦੇਖੋ, ਅਸੀਂ ਸਾਰੇ ਬਹੁਤ ਅਲੱਗ ਨਹੀਂ ਹਾਂ। ਤੁਸੀਂ ਬੰਗਾਲ ਤੋਂ ਹੋ ਅਤੇ ਮੈਂ ਅਫ਼ਰੀਕਾ ਤੋਂ, ਪਰ ਦੇਖੋ ਕਿਸ ਤਰ੍ਹਾਂ ਸਾਡੇ ਦੋਵਾਂ ਕੋਲ ਇੱਕੋ ਵਰਗੀਆਂ ਮੁੱਛਾਂ ਹਨ। ਅਤੇ ਇੱਥੇ ਦੇਖੋ…' ਜ਼ੋਡੀ ਨੇ ਆਪਣੇ ਪੰਜੇ ਦੇ ਤਿੱਖੇ ਨਹੁੰ ਨਾਲ ਬਰਫ ਵਿੱਚ ਇੱਕ ਸ਼ਾਨਦਾਰ ਦੰਦੇਦਾਰ ਲਕੀਰ ਮਾਰੀ। ਉਸ ਨੇ ਫਿਰ ਆਪਣੇ ਨਹੁੰ ਨੂੰ ਉੱਤੇ ਚੁੱਕਿਆ। ਸ਼ਾਮ ਦੀ ਫਿਕੀ ਪੈ ਰਹੀ ਰੋਸ਼ਨੀ ਵਿੱਚ ਉਸ ਦਾ ਨਹੁੰ ਚਮਕ ਰਿਹਾ ਸੀ। 'ਸਾਡੇ ਦੋਵਾਂ ਕੋਲ ਇਹ ਹੈ,' ਉਸ ਨੇ ਮੁਸਕਰਾ ਕੇ ਕਿਹਾ।
ਉਦੋਂ ਹੀ ਚਿੜੀਆਘਰ ਦੇ ਪੂਰਬੀ ਦਿਸ਼ਾ ਦੇ ਕੋਨੇ ਤੋਂ, ਹਾਥੀਆਂ ਦੇ ਘੇਰੇ ਵਿੱਚੋਂ, ਇੱਕ ਵੱਡੀ ਤੂਰ੍ਹੀ ਦੀ ਆਵਾਜ਼ ਸੁਣਾਈ ਦਿੱਤੀ।
'ਖੈਰ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ,' ਅਹਰਸੀ ਨੇ ਕਿਹਾ। 'ਅਸੀਂ ਦੋਵੇਂ ਬਿੱਲੀ ਦੀ ਪ੍ਰਜਾਤੀ ਤੋਂ ਹਾਂ। ਪਰ ਮੈਂ ਉਨ੍ਹਾਂ ਹਾਥੀਆਂ ਵਰਗਾ ਬਿਲਕੁਲ ਵੀ ਨਹੀਂ ਹਾਂ, ਕੀ ਮੈਂ ਹਾਂ?'
ਜ਼ੋਡੀ ਹੱਸ ਪਈ । 'ਉਹ ਸ਼ਾਇਦ ਦੇਖਣ ਵਿੱਚ ਅਲੱਗ ਲੱਗਣ ਜਾਂ ਉਨ੍ਹਾਂ ਦੀ ਆਵਾਜ਼ ਵੱਖਰੀ ਹੋਵੇ, ਪਰ ਮੈਂ ਸ਼ਰਤ ਲਗਾ ਸਕਦੀ ਹਾਂ ਕਿ ਹਾਥੀਆਂ ਨੂੰ ਵੀ ਘਰ ਦੀ ਯਾਦ ਆਉਂਦੀ ਹੈ। ਇਹੀ ਕੁੱਝ ਅਜਿਹਾ ਹੈ ਜੋ ਤੁਹਾਡੇ ਵਿੱਚ ਇੱਕੋ ਵਰਗਾ ਹੈ।'
ਅਹਰਸੀ ਨੂੰ ਯਕੀਨ ਨਾ ਆਇਆ, ਕਿਉਂਕਿ ਉਹ ਸੋਚਦਾ ਸੀ ਕਿ ਹਾਥੀ ਬਹੁਤ ਵੱਡੇ ਅਤੇ ਤਾਕਤਵਰ ਹੁੰਦੇ ਹਨ, ਇਸ ਕਰਕੇ ਉਹ ਕਦੇ ਉਦਾਸ ਨਹੀਂ ਹੋ ਸਕਦੇ। ਉਸਨੇ ਕਿਹਾ, 'ਮੈਂ ਸ਼ਰਤ ਲਗਾਉਂਦਾ ਹਾਂ ਕਿ ਉਨ੍ਹਾਂ ਨੂੰ ਹੁਣ ਵੀ ਯਾਦ ਹੋਵੇਗਾ ਕਿ ਉਹ ਕਿਥੋਂ ਆਏ ਹਨ। ਮੇਰੀ ਮਾਂ ਨੇ ਮੈਨੂੰ ਦੱਸਿਆ ਸੀ ਕਿ ਇੱਕ ਹਾਥੀ ਕਦੇ ਕੁੱਝ ਨਹੀਂ ਭੁਲਦਾ।'
ਜ਼ੋਡੀ ਨੇ ਚੀਕ ਮਾਰੀ ਅਤੇ ਉੱਚੀ ਉੱਚੀ ਹੱਸਣ ਲੱਗੀ ਅਤੇ ਹੱਸਦੇ ਹੱਸਦੇ ਸਖਤ ਜ਼ਮੀਨ ਤੇ ਲੋਟ-ਪੋਟ ਹੋ ਗਈ। ਉਸ ਨੇ ਸਵੀਕਾਰ ਕੀਤਾ 'ਇਹ ਤਾਂ ਸੱਚ ਗੱਲ ਹੈ ! ਇੱਕ ਹਾਥੀ ਕਦੇ ਕੁੱਝ ਨਹੀਂ ਭੁੱਲਦਾ !'
'ਅਤੇ ਮੈਂ ਸ਼ਰਤ ਲਗਾਉਂਦਾ ਹਾਂ ਕਿ ਜ਼ੈਬਰਾ ਨੂੰ ਕਦੇ ਡਰ ਨਹੀਂ ਲੱਗਦਾ,' ਅਹਰਸੀ ਨੇ ਬੋਲਣਾ ਜਾਰੀ ਰੱਖਿਆ। ਉਹ ਥੋੜ੍ਹਾ ਜਿਹਾ ਉਦਾਸ ਹੁਣ ਵੀ ਸੀ, ਲੇਕਿਨ ਉਸ ਨੂੰ ਆਪਣੀ ਦੋਸਤ ਦੀ ਹਰਕਤਾਂ 'ਤੇ ਮੁਸਕੁਰਾਹਟ ਆਉਣੀ ਸ਼ੁਰੂ ਹੋ ਗਈ ਸੀ।
'ਕਿ ਤੁਸੀਂ ਉਨ੍ਹਾਂ ਨੂੰ ਜ਼ੂਕੀਪਰ ਦੇ ਟਰੈਕਟਰ ਤੋਂ ਭੱਜਦੇ ਨਹੀਂ ਦੇਖਿਆ?, ਜ਼ੋਡੀ ਨੇ ਪੁੱਛਿਆ।
'ਅਤੇ... ਅਤੇ ਮਗਰਮੱਛ? ਕੀ ਉਨ੍ਹਾਂ ਨੂੰ ਵੀ ਡਰ ਲੱਗਦਾ ਹੈ, ਉਹ ਵੀ ਉਦਾਸ ਹੁੰਦੇ ਹਨ?' ਅਹਰਸੀ ਨੇ ਪੁੱਛਿਆ।
ਕੀ ਤੁਸੀਂ ਉਨ੍ਹਾਂ ਨੂੰ ਕਦੇ ਪਾਣੀ ਦੇ ਹੇਠਾਂ ਲੁਕਦੇ ਹੋਏ ਨਹੀਂ ਵੇਖਿਆ?' ਜ਼ੋਡੀ ਨੇ ਜਵਾਬ ਦਿੰਦਿਆਂ ਆਪਣੇ ਦੋਸਤ ਦੇ, ਆਪਣੀ ਨੱਕ ਨਾਲ ਮਜ਼ਾਕ ਵਿੱਚ ਟੱਕਰ ਮਾਰੀ। 'ਕਦੇ-ਕਦੇ ਸਾਨੂੰ ਸੱਭ ਨੂੰ ਘਰ ਦੀ ਯਾਦ ਆਉਂਦੀ ਹੈ, ਅਹਰਸੀ। ਪਰ ਉਹੀ ਕਾਰਣ ਹੈ ਕਿ ਅਸੀਂ ਸੱਭ ਇੰਨੇ ਅਲੱਗ ਦਿੱਖਦੇ ਹਾਂ। ਅਸੀਂ ਵੱਖਰੇ ਇਸ ਕਰਕੇ ਹਾਂ, ਤਾਂ ਜੋ ਅਸੀਂ ਯਾਦ ਰੱਖ ਸਕੀਏ। ਮੈਨੂੰ ਵੇਖੋ। ਮੇਰੇ ਕੋਲ ਇਹ ਸੋਹਣੀ ਪੂਛ ਹੈ ਜੋ ਮੈਨੂੰ ਯਾਦ ਦਿਵਾਉਂਦੀ ਹੈ ਕਿ ਅਸੀਂ ਚੀਤੇ ਉੱਚੇ ਦਰੱਖਤਾਂ 'ਤੇ ਸੰਤੁਲਨ ਬਣਾਉਣ ਵਿੱਚ ਮਾਹਰ ਹੁੰਦੇ ਹਾਂ।'
ਅਹਰਸੀ ਨੂੰ ਬਿਹਤਰ ਮਹਿਸੂਸ ਹੋਇਆ ਅਤੇ ਜਲਦੀ ਹੀ ਉਸਨੇ ਵੀ ਡੂੰਘੀ ਆਵਾਜ਼ ਵਿੱਚ ਗੜਗੜਾਉਣਾ ਸ਼ੁਰੂ ਕਰ ਦਿੱਤਾ। 'ਅਤੇ ਮੇਰੇ ਕੋਲ, ਲੰਮੀ ਘਾਹ ਵਿੱਚ ਲੁਕਣ ਲਈ, ਸਰੀਰ ਦੀਆਂ ਧਾਰੀਆਂ ਹਮੇਸ਼ਾ ਰਹਿਣਗੀਆਂ। ਅਸੀਂ ਟਾਈਗਰ ਸਾਰੇ ਬੰਗਾਲ ਵਿੱਚ ਅਵੱਲ ਦਰਜੇ ਦੇ ਸ਼ਿਕਾਰੀ ਹੁੰਦੇ ਹਾਂ।'
'ਜਿਥੇ ਵੀ ਤੁਸੀਂ ਜਾਂਦੇ ਹੋ, ਤੁਹਾਡੀ ਧਾਰੀਆਂ ਤੁਹਾਡੇ ਨਾਲ ਜਾਂਦੀਆਂ ਹਨ, ਅਹਰਸੀ,' ਜ਼ੋਡੀ ਨੇ ਮੁਸਕੁਰਾਹਟ ਨਾਲ ਕਿਹਾ।
'ਅਤੇ ਜਦੋਂ ਹਾਥੀ ਉਦਾਸ ਮਹਿਸੂਸ ਕਰਦੇ ਹਨ, ਉਹ ਆਪਣੀ ਸੁੰਡ ਨੂੰ ਦੇਖ ਕੇ ਯਾਦ ਕਰ ਸਕਦੇ ਹਨ ਕਿ ਪਾਣੀ ਦੇ ਛਿੱਟੇ ਉਡਾਉਣ ਵਿੱਚ ਉਹ ਸੱਭ ਤੋਂ ਮਾਹਰ ਹਨ,' ਅਹਰਸੀ ਨੇ ਕਿਹਾ। 'ਅਤੇ ਜਦੋਂ ਮਗਰਮੱਛ ਉਦਾਸ ਹੁੰਦੇ ਹਨ ਜਾਂ ਡਰ ਜਾਂਦੇ ਹਨ ਤਾਂ ਉਹ ਉਨ੍ਹਾਂ ਦੇ ਝਿੱਲੀਦਾਰ ਪੈਰਾਂ ਵੱਲ ਦੇਖ ਸਕਦੇ ਹਨ, ਅਤੇ ਯਾਦ ਕਰ ਸਕਦੇ ਹਨ ਕਿ ਉਹ ਦਰਿਆ ਵਿੱਚ ਸੱਭ ਤੋਂ ਤੇਜ ਤੈਰਨ ਵਾਲੇ ਜੀਵ ਹਨ...'
ਨੌਜਵਾਨ ਟਾਈਗਰ ਥੋੜਾ ਜਿਹਾ ਪਿੱਛੇ ਨੂੰ ਹਟ ਗਿਆ। ਉਸ ਦੀਆਂ ਅੱਖਾਂ, ਨੀਂਦ ਕਾਰਣ ਭਾਰੀ ਹੋ ਰਹੀਆਂ ਸਨ। ਧਿਆਨ ਦਿੱਤੇ ਬਿਨਾ, ਉਸ ਨੇ ਉਬਾਸੀ ਲਈ। ਹੁਣ ਸ਼ਾਮ ਹੋ ਗਈ ਸੀ। ਸਾਰਾ ਚਿੜੀਆਘਰ ਅਣਗਿਣਤ ਜਾਨਵਰਾਂ ਦੀਆਂ ਅਵਾਜ਼ਾਂ ਨਾਲ ਜੀਵਿਤ ਹੋ ਉਠਿਆ ਸੀ। ਕੁੱਝ ਜਾਨਵਰ ਧਾਰੀਆਂ ਵਾਲੇ ਸਨ, ਕੁੱਝ ਦੇ ਸਰੀਰ 'ਤੇ ਧੱਬੇ ਸਨ। ਲੇਕਿਨ ਕੋਈ ਵੀ ਇੱਕ ਦੂਸਰੇ ਦੇ ਸਮਾਨ ਨਹੀਂ ਸੀ। ਜਿਵੇਂ ਹੀ ਰਾਤ ਹੋਈ ਅਤੇ ਅਸਮਾਨ, ਲੱਖਾਂ ਤਾਰਿਆਂ ਨਾਲ ਭਰ ਗਿਆ, ਅਹਰਸੀ ਨੂੰ ਸਮਝ ਆਉਣਾ ਸ਼ੁਰੂ ਹੋਇਆ ਕਿ ਹਾਲਾਂਕਿ ਸਾਰੇ ਜਾਨਵਰ ਇੱਕ ਦੂਜੇ ਤੋਂ ਵੱਖਰੇ ਹਨ, ਪਰ ਉਹ ਸਾਰੇ ਕਦੇ-ਕਦੇ ਇੱਕੋ ਵਰਗਾ ਮਹਿਸੂਸ ਕਰਦੇ ਹਨ। ਉਦੋਂ ਹੀ, ਉਹ ਇਸ ਗੱਲ ਤੋਂ ਜਾਣੂ ਹੋਇਆ ਕਿ ਉਹ ਕਦੇ ਵੀ ਇਕੱਲਾ ਨਹੀਂ ਹੋਵੇਗਾ, ਉਦੋਂ ਹੀ ਉਸ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਉਸਦਾ ਘਰ ਹਮੇਸ਼ਾ ਉਸ ਦੇ ਦਿੱਲ ਵਿੱਚ ਰਹੇਗਾ।
Enjoyed this story?