ਇੱਕ ਹਿੰਦੀ ਕਹਾਣੀ

*
ਬਹੁਤ ਸਮਾਂ ਪਹਿਲਾਂ ਦੀ ਗੱਲ ਹੈ, ਇੰਨੀ ਪਹਿਲਾਂ ਕਿ ਜਿਆਦਾਤਰ ਲੋਕਾਂ ਨੂੰ ਯਾਦ ਵੀ ਨਹੀਂ ਹੋਵੇਗਾ, ਹਾਥੀ ਉੱਡ ਸਕਦੇ ਸਨ। ਉਨ੍ਹਾਂ ਦੇ ਚਾਰ ਵੱਡੇ ਖੰਬ ਸਨ। ਉਹ ਅਸਮਾਨ ਵਿੱਚੋਂ ਇੰਨੀ ਤੇਜੀ ਨਾਲ ਗੁਜ਼ਰਦੇ ਕਿ ਹੋਰ ਜਾਨਵਰ ਇਸ ਨਾਲ ਹੈਰਾਨ ਹੋ ਜਾਂਦੇ। ਪਰ ਇਹ ਵੱਡੇ ਜਾਨਵਰ ਕਈ ਵਾਰ ਬੇਵਕੂਫੀ ਵੀ ਕਰ ਜਾਂਦੇ ਸੀ। ਪਰ ਸ਼ਸ਼... ਹੋਰ ਜਾਨਵਰ ਇਸਦੇ ਬਾਰੇ ਚੁੱਪ ਹੀ ਰਹਿੰਦੇ ਸੀ ਅਤੇ ਕਦੇ ਗੱਲ ਨਹੀਂ ਸੀ ਕਰਦੇ।
ਕਿਉਂਕਿ ਹਾਥੀ ਬਹੁਤ ਤਾਕਤਵਰ ਅਤੇ ਬਹੁਤ ਤੇਜ ਸਨ, ਰੱਬ ਨੇ ਉਨ੍ਹਾਂ ਦੀ ਮੱਦਦ ਲੈਣ ਦੀ ਸੋਚੀ। ਉਹ, ਇਨ੍ਹਾਂ ਵੱਡੇ ਪ੍ਰਾਣੀਆਂ 'ਤੇ ਸਵਾਰ ਹੋਕੇ, ਘੁੰਮ ਸਕਦੇ ਸੀ ਅਤੇ ਸੰਸਾਰ ਦੇ ਨਿਰਮਾਣ ਦਾ ਆਖਰੀ ਕੁੱਝ ਕੰਮ ਕਰ ਸਕਦੇ ਸੀ। ਇੱਕ ਪਲ ਦੇ ਵਿੱਚ ਉਹ ਚੀਨ, ਅਤੇ ਉਥੋਂ ਫਿਰ ਪਲਕ ਝਪਕਣ ਜਿੰਨੇ ਸਮੇਂ ਵਿੱਚ ਆਇਸਲੈਂਡ ਪਹੁੰਚ ਜਾਂਦੇ ਸੀ! ਇਹ ਹਾਥੀ ਇੰਨੇ ਤਾਕਤਵਰ ਸਨ ਕਿ ਪਹਾੜਾਂ ਅਤੇ ਆਈਸਬਰਗ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਉਦੋਂ ਤੱਕ ਧੱਕਾ ਮਾਰ ਕੇ ਸ਼ਿਫਟ ਕਰਦੇ ਰਹਿੰਦੇ, ਜਦੋਂ ਤੱਕ ਸੰਸਾਰ ਵਿੱਚ ਸਭ ਕੁਝ ਸੰਪੂਰਨ ਨਹੀਂ ਹੋ ਜਾਂਦਾ। ਉਦਾਹਰਣ ਲਈ, ਉਨ੍ਹਾਂ ਨੇ ਹਿਮਾਲਿਆ ਦੇ ਪਰਬਤਾਂ ਨੂੰ ਭਾਰਤ ਵਿੱਚ ਰੱਖਣ ਵਿੱਚ ਰੱਬ ਦੀ ਮਦਦ ਕੀਤੀ ਅਤੇ ਤਨਜ਼ਾਨੀਆ ਵਿੱਚ, ਉਨ੍ਹਾਂ ਨੇ ਮਾਊਂਟ ਕਿਲੀਮੰਜਾਰੋ ਰੱਖਿਆ।
ਇਨ੍ਹਾਂ ਹਾਥੀਆਂ 'ਤੇ ਸਵਾਰ ਹੋਕੇ, ਰੱਬ ਨੇ ਸਾਰਾ ਸੰਸਾਰ ਠੀਕ ਕਰ ਦਿੱਤਾ ਅਤੇ ਇਸਨੂੰ ਸੰਪੂਰਨ ਬਣਾ ਦਿੱਤਾ।
ਜਦੋਂ ਇਹ ਵੱਡਾ ਕੰਮ ਪੂਰਾ ਹੋ ਗਿਆ, ਤਾਂ ਰੱਬ ਨੇ ਹਾਥੀਆਂ ਨੂੰ ਕਿਹਾ ਕਿ ਉਹ ਪੱਕੇ ਤੌਰ 'ਤੇ ਛੁੱਟੀ ਲੈ ਸਕਦੇ ਹਨ। ਜਦੋਂ ਤੱਕ, ਉਨ੍ਹਾਂ ਕੋਲ ਹਾਥੀਆਂ ਵਾਸਤੇ ਕੁੱਝ ਹੋਰ ਕੰਮ ਨਹੀਂ ਆਉਂਦਾ।
ਹੁਣ ਹਾਥੀਆਂ ਕੋਲ ਕਰਨ ਲਈ ਖਾਸ ਕੁੱਝ ਨਹੀਂ ਸੀ। ਤਾਂ ਫਿਰ ਪਤਾ ਕੀ ਹੋਇਆ ? ਹਾਥੀ ਬੇਕਾਰ ਹੋ ਗਏ ਅਤੇ ਆਪਣਾ ਸਮਾਂ ਬਤੀਤ ਕਰਨ ਲਈ, ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਰਹਿੰਦੇ। ਉਹ ਗੱਲਾਂ ਕਰਦੇ ਕਿ ਉਹ ਕਿੰਨੇ ਤਾਕਤਵਰ ਸਨ। ਉਹ ਇਸ ਬਾਰੇ ਗੱਲ ਕਰਦੇ ਕਿ ਉਨ੍ਹਾਂ ਦੀ ਰਫਤਾਰ ਕਿੰਨੀ ਤੇਜ ਸੀ, ਅਤੇ ਰੱਬ ਨੇ ਉਨ੍ਹਾਂ ਉੱਤੇ ਕਿਵੇਂ ਮਿਹਰ ਕੀਤੀ ਸੀ ਅਤੇ ਜਿਨ੍ਹਾਂ ਜਿਆਦਾ ਉਹ ਗੱਲਾਂ ਕਰਦੇ, ਉਨ੍ਹਾਂ ਜਿਆਦਾ ਉਨ੍ਹਾਂ ਨੂੰ ਲੱਗਦਾ ਕਿ ਉਹ ਧਰਤੀ 'ਤੇ ਹੋਰ ਜਾਨਵਰਾਂ ਨਾਲੋਂ ਬਹੁਤ-ਬਹੁਤ ਬਿਹਤਰ ਹਨ।
ਉਹ ਬੇਸ਼ੱਕ ਸੱਭ ਤੋਂ ਮਹੱਤਵਪੂਰਨ ਸਨ!
ਹਾਥੀ ਇੱਕ ਦੂਜੇ ਨਾਲ ਵਿਹਲੇ ਬੈਠੇ ਗੱਲਾਂ ਕਰਦੇ ਰਹਿੰਦੇ। ਉਹ ਨਿਰਦਈ ਹੋਕੇ ਕਹਿੰਦੇ, 'ਉਸ ਮੋਰ ਵੱਲ ਦੇਖੋ ! ਦੇਖੋ ਉਸਦੇ ਛੋਟੇ ਜਿਹੇ ਖੰਭ, ਸਾਡੇ ਖੰਭਾਂ ਦੇ ਮੁਕਾਬਲੇ ਕਿੰਨੇ ਭੱਦੇ ਅਤੇ ਭੂਰੇ ਹਨ !' ਅਤੇ ਅਜਿਹਾ ਬੋਲਦੇ ਹੋਏ, ਉਹ ਹਮੇਸ਼ਾ ਯਕੀਨੀ ਬਣਾਉਂਦੇ ਕਿ ਉਨ੍ਹਾਂ ਦੀਆਂ ਆਵਾਜ਼ਾਂ ਜ਼ੋਰ ਨਾਲ ਜਾਣ ਤਾਂ ਜੋ ਉਨ੍ਹਾਂ ਦੇ ਕਠੋਰ ਸ਼ਬਦ ਨਿੱਕੇ ਮੋਰ ਦੇ ਕੰਨਾਂ 'ਚ ਪੈਣ।
ਅਤੇ ਵਿਚਾਰਾ ਮੋਰ, ਜੋ ਦਿਲੋਂ ਦਿਆਲੂ ਅਤੇ ਨਿਮਰ ਸੁਭਾਅ ਦਾ ਸੀ, ਕਦੇ ਹਾਥੀਆਂ ਦਾ ਵਿਰੋਧ ਨਾ ਕਰ ਸਕਿਆ। ਉਹ ਸੋਚਦਾ, 'ਹਾਥੀ ਸਹੀ ਹੀ ਤਾਂ ਕਹਿੰਦੇ ਹਨ।' ਮੈਂ ਨਿੱਕਾ ਜਿਹਾ ਤਾਂ ਹਾਂ। ਮੇਰੇ ਖੰਬ ਪਰੀਆਂ ਦੀ ਤਰ੍ਹਾਂ ਸੋਹਣੇ ਵੀ ਨਹੀਂ ਹਨ ਅਤੇ ਨਾ ਹੀ ਮੈਂ ਹਾਥੀਆਂ ਵਾਂਗ ਤਾਕਤਵਰ ਹਾਂ।
ਜਿਵੇਂ ਸਮਾਂ ਗੁਜ਼ਰਿਆ ਹਾਥੀਆਂ ਨੂੰ ਆਪਣੇ ਆਪ ਵਿੱਚ ਘੁਮੰਡ ਹੋਣਾ ਸ਼ੁਰੂ ਹੋ ਗਿਆ। ਉਨ੍ਹਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਕਿ ਉਹ ਜੋ ਚਾਹੇ ਕਰ ਸਕਦੇ ਹਨ। ਲਾਲਚੀ ਹਾਥੀ ਕੇਲੇ ਦੇ ਰੁੱਖਾਂ ਤੋਂ ਸਾਰੇ ਕੇਲੇ ਲੈ ਲੈਂਦੇ ਅਤੇ ਹੋਰ ਜਾਨਵਰਾਂ ਵਾਸਤੇ ਕੁੱਝ ਵੀ ਨਹੀਂ ਸੀ ਛੱਡਦੇ। ਹੋਰ ਜਾਨਵਰ ਉਦਾਸ ਰਹਿ ਜਾਂਦੇ ਕਿਉਂਕਿ ਉਨ੍ਹਾਂ ਨੂੰ, ਉਨ੍ਹਾਂ ਦੇ ਭੋਜਨ ਵਾਸਤੇ ਇੱਕ ਵੀ ਕੇਲਾ ਨਸੀਬ ਨਾ ਹੁੰਦਾ। ਅਤੇ ਤੁਹਾਨੂੰ ਪਤੈ, ਹਾਥੀ ਇਨ੍ਹਾਂ ਕੇਲਿਆਂ ਨੂੰ ਆਪਣੀ ਸੁੰਡ ਵਿੱਚ ਲਿਜਾ ਕੇ ਕੀ ਕਰਦੇ?
ਹਾਥੀ ਹੇਠਾਂ ਪਿੰਡਾਂ ਦੇ ਵਿੱਚ ਆ ਜਾਂਦੇ, ਕੋਈ ਵੀ ਪਿੰਡ ਜਿਹੜਾ ਉਨ੍ਹਾਂ ਨੂੰ ਪਸੰਦ ਆਉਂਦਾ, ਅਤੇ ਉਹ ਆਪਣੇ ਖੰਬ ਕਾਲੀਨ ਵਾਂਗ ਫੈਲਾ ਲੈਂਦੇ ਅਤੇ ਬੈਠ ਕੇ ਪਿਕਨਿਕ ਮਨਾਉਣ ਲੱਗਦੇ। ਪੂਰਾ ਪਿੰਡ ਹਾਥੀਆਂ ਦੇ ਭਾਰ ਦੇ ਨਾਲ ਕੁਚਲਿਆ ਜਾਂਦਾ। ਪਿੰਡ ਦੇ ਲੋਕਾਂ ਦੇ ਘਰ ਚਪਟੇ ਹੋ ਜਾਂਦੇ, ਉਨ੍ਹਾਂ ਦੇ ਖੇਤ ਬਰਬਾਦ ਹੋ ਜਾਂਦੇ। ਇਸ ਗੱਲ ਤੋਂ ਪਿੰਡ ਦੇ ਲੋਕ ਬਹੁਤ ਦੁਖੀ ਹੁੰਦੇ।
ਵਿਚਾਰੇ ਪਿੰਡ ਵਾਲੇ ਆਪਣੇ ਘਰਾਂ ਦੇ ਬਰਬਾਦ ਹੋ ਜਾਣ ਕਾਰਣ ਬਹੁਤ ਗੁੱਸੇ ਵਿੱਚ ਸਨ। ਇੱਥੇ ਜਾਨਵਰ ਜੋ ਭੁੱਖੇ ਰਹਿ ਜਾਂਦੇ ਸਨ, ਉਨ੍ਹਾਂ ਨੂੰ ਵੀ ਕਾਫੀ ਗੁੱਸਾ ਚੜ੍ਹਿਆ ਹੋਇਆ ਸੀ। ਇਸ ਲਈ ਰੱਬ ਨੇ ਫੈਸਲਾ ਕੀਤਾ ਕਿ ਹੁਣ ਬਹੁਤ ਹੋ ਗਿਆ। ਇਨ੍ਹਾਂ ਘੁਮੰਡੀ ਅਤੇ ਲਾਲਚੀ ਹਾਥੀਆਂ ਨੇ ਆਪਣੀਆਂ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ। ਇਨ੍ਹਾਂ ਨੂੰ ਹੁਣ ਇੱਕ ਸਬਕ ਸਿਖਾਉਣ ਦੀ ਲੋੜ੍ਹ ਹੈ !
ਰੱਬ ਨੇ ਸਾਰੇ ਹਾਥੀਆਂ ਨੂੰ ਗੱਲ ਕਰਨ ਵਾਸਤੇ ਬੁਲਾਇਆ। ਰੱਬ ਨੇ ਉਨ੍ਹਾਂ ਨੂੰ ਕਿਹਾ, 'ਹੇ, ਸ਼ਕਤੀਸ਼ਾਲੀ ਹਾਥੀਓ, ਮੇਰੀ ਗੱਲ ਸੁਣੋ। ਸੰਸਾਰ ਨੂੰ ਸੰਪੂਰਨ ਬਣਾਉਣ ਵਿੱਚ ਮੇਰੀ ਮੱਦਦ ਕਰਨ ਦੇ ਵਾਸਤੇ ਮੈਂ ਤੁਹਾਡਾ ਸੱਭ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਲਈ ਮੈਂ ਇੱਕ ਦਾਅਵਤ ਦੇਣਾ ਚਾਹੁੰਦਾ ਹਾਂ। ਸਿਰਫ ਹਾਥੀਆਂ ਵਾਸਤੇ।'
ਸਾਰੇ ਹਾਥੀ ਬਹੁਤ ਖੁਸ਼ ਸਨ। ਇੱਕ ਹਾਥੀ ਨੇ ਦੂਜੇ ਨੂੰ ਕਿਹਾ, 'ਦੇਖੋ ! ਰੱਬ ਨੂੰ ਵੀ ਦਿੱਖਦਾ ਹੈ ਕਿ ਅਸੀਂ ਕਿੰਨੇ ਤਾਕਤਵਰ ਅਤੇ ਬਹਾਦਰ ਹਾਂ – ਅਸੀਂ ਉਨ੍ਹਾਂ ਦੀ ਕਿੰਨੀ ਮੱਦਦ ਕੀਤੀ। ਇਹ ਸਹੀ ਗੱਲ ਹੈ, ਉਨ੍ਹਾਂ ਨੂੰ ਦਾਅਵਤ ਸਿਰਫ ਸਾਡੇ ਵਾਸਤੇ ਹੀ ਕਰਨੀ ਚਾਹੀਦੀ ਹੈ !'
ਤਾਂ ਘਮੰਡ ਅਤੇ ਅਤਿ-ਵਿਸ਼ਵਾਸ ਨਾਲ ਭਰੇ ਹੋਏ, ਸਾਰੇ ਲਾਲਚੀ ਹਾਥੀ, ਇੱਕ ਇੱਕ ਕਰਕੇ ਦਾਅਵਤ ਵਾਸਤੇ ਆਉਂਦੇ ਰਹੇ। ਜਿਵੇਂ ਵਾਅਦਾ ਕੀਤਾ ਗਿਆ ਸੀ, ਰੱਬ ਨੇ ਸਰਬੋਤਮ ਭੋਜਨ ਦਾ ਇੰਤਜ਼ਾਮ ਕੀਤਾ। ਖਾਣ-ਪੀਣ ਦੀਆਂ ਚੀਜ਼ਾਂ ਦੇ ਪਹਾੜ ਲਗੇ ਹੋਏ ਸਨ ! ਚਮਕਦੇ ਪੀਲੇ ਕੇਲੇ, ਗੂੜ੍ਹੇ ਲਾਲ ਰੰਗ ਦੇ ਅਨਾਰ, ਚਟਪਟੇ ਅਮਰੂਦ, ਰਸਦਾਰ ਅੰਬ... ਜਿਸ ਵੀ ਫਲ ਦੀ ਕਲਪਨਾ ਕੀਤੀ ਜਾ ਸਕਦੀ ਸੀ, ਉਹ ਉੱਥੇ ਮੌਜੂਦ ਸਨ।
ਲਾਲਚੀ ਹਾਥੀ ਬਹੁਤ ਖੁਸ਼ ਸਨ ਅਤੇ ਉਨ੍ਹਾਂ ਨੇ ਉਹ ਸੱਭ ਖਾ ਲਿਆ। ਇੱਕ ਟੁਕੜਾ ਵੀ ਨਾ ਛੱਡਿਆ।
ਖਾਣ ਤੋਂ ਬਾਅਦ ਸਾਰੇ ਹਾਥੀਆਂ ਦਾ ਢਿੱਡ ਇਨ੍ਹਾਂ ਭਰ ਗਿਆ ਸੀ ਕਿ ਉਨ੍ਹਾਂ ਨੂੰ ਨੀਂਦ ਆ ਗਈ। ਉਨ੍ਹਾਂ ਦੇ ਆਸਪਾਸ ਕੇਲੇ ਅਤੇ ਅੰਬ ਦੇ ਛਿਲਕੇ ਖਿਲਰੇ ਪਏ ਸੀ। ਰੱਬ ਨੂੰ ਇਸੇ ਪਲ ਦੀ ਉਡੀਕ ਸੀ। ਜਦੋਂ ਹਾਥੀਆਂ ਨੇ ਅੱਖਾਂ ਬੰਦ ਕਰ ਲਈਆਂ, ਰੱਬ ਨੇ ਇੱਕ ਬਹੁਤ ਵੱਡਾ ਚਾਕੂ ਕੱਢਿਆ। ਚੁੱਪਚਾਪ, ਉਹ ਹਰ ਹਾਥੀ ਕੋਲ ਗਏ ਅਤੇ ਉਨ੍ਹਾਂ ਦੇ ਖੰਭ ਕੱਟ ਦਿੱਤੇ ਅਤੇ ਰੱਬ ਨੇ ਉਹ ਸੋਹਣੇ ਖੰਬ ਮੋਰਾਂ ਨੂੰ ਦੇ ਦਿੱਤੇ। ਨਿੱਕੇ ਮੋਰ ਇਨ੍ਹੇ ਖੁਸ਼ ਹੋਏ ਕਿ ਉਹ ਨੱਚਣ ਅਤੇ ਗਾਉਣ ਵਾਸਤੇ ਜੰਗਲ ਵਿੱਚ ਭੱਜ ਗਏ।

ਕੀ ਤੁਸੀਂ ਮੋਰ ਨੱਚਦੇ, ਮੋਰ ਨੱਚਦੇ, ਮੋਰ ਨੱਚਦੇ ਦੇਖੇ ਹਨ ?
ਕੀ ਤੁਸੀਂ ਰੁੱਖਾਂ ਦੇ ਆਲੇ ਦੁਆਲੇ ਮੋਰ ਨੱਚਦੇ ਦੇਖੇ ਹਨ?
ਹਾਂ, ਮੈਂ ਮੋਰ ਨੱਚਦੇ, ਮੋਰ ਨੱਚਦੇ, ਮੋਰ ਨੱਚਦੇ ਦੇਖੇ ਹਨ।
ਹਾਂ, ਮੈਂ ਰੁੱਖਾਂ ਦੇ ਆਲੇ-ਦੁਆਲੇ ਮੋਰ ਨੱਚਦੇ ਦੇਖੇ ਹਨ।
*
ਅਤੇ ਹੁਣ ਹਾਥੀਆਂ ਬਾਰੇ ਸੋਚੋ।
ਜਦੋਂ ਹਾਥੀ ਆਖਰਕਾਰ ਆਪਣੀ ਲੰਬੀ ਨੀਂਦ ਤੋਂ ਜਾਗ ਪਏ, ਤਾਂ ਉਹ ਸੁੰਦਰ ਮੋਰ ਨੂੰ ਆਪਣੇ ਪ੍ਰਭਾਵਸ਼ਾਲੀ ਖੰਭਾਂ ਨੂੰ ਉਨ੍ਹਾਂ 'ਤੇ ਝੂਲਦੇ ਦੇਖ ਕੇ ਹੈਰਾਨ ਰਹਿ ਗਏ। ਉਹ ਸੱਚਮੁੱਚ, ਸੱਚਮੁੱਚ ਗੁੱਸੇ ਸਨ। ਪਰ ਪਰਮੇਸ਼ੁਰ ਕੋਲ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਦਾ ਸਮਾਂ ਨਹੀਂ ਸੀ। ਇਸ ਦੀ ਬਜਾਏ ਉਸਨੇ ਕਿਹਾ, 'ਮੈਂ ਚਾਹੁੰਦਾ ਹਾਂ ਕਿ ਤੁਸੀਂ ਹਾਥੀ ਚੰਗੇ, ਦਿਆਲੂ ਬਣੋ। ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰੋ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰ ਦੁਬਾਰਾ ਬਣਾਉਣ ਵਿੱਚ ਮੱਦਦ ਕਰੋ।'
ਹਾਥੀਆਂ ਨੇ ਆਪਣੇ ਕੀਤੇ ਤੇ ਬਹੁਤ ਸ਼ਰਮ ਮਹਿਸੂਸ ਕੀਤੀ। ਉਨ੍ਹਾਂ ਨੇ ਪਿੰਡ ਵਾਸੀਆਂ ਦੀ ਜਿੰਨੀ ਹੋ ਸਕੇ ਮੱਦਦ ਕਰਨ ਦਾ ਸੰਕਲਪ ਲਿਆ। ਇਸ ਲਈ ਅੱਜ ਵੀ ਹਰ ਪਿੰਡ ਵਿੱਚ ਹਾਥੀ ਆਉਂਦੇ-ਜਾਂਦੇ ਲੋਕਾਂ ਦੀ ਮੱਦਦ ਕਰਦੇ ਹਨ।
Enjoyed this story?