KidsOut World Stories

ਹੈਂਸਲ ਅਤੇ ਗਰੇਟਲ    
Previous page
Next page

ਹੈਂਸਲ ਅਤੇ ਗਰੇਟਲ

A free resource from

Begin reading

This story is available in:

 

 

 

 

 

ਹੈਂਸਲ ਅਤੇ ਗਰੇਟਲ

 

 

 

 

 

 

 

 

 

ਇੱਕ ਸਮੇਂ ਦੀ ਗੱਲ ਹੈ, ਇੱਕ ਗਰੀਬ ਲੱਕੜਹਾਰਾ ਸੀ। ਉਹ ਜੰਗਲ ਦੇ ਨੇੜੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ। ਉਸ ਦੇ ਨਾਲ, ਉਸ ਦੇ ਦੋ ਬੱਚੇ ਅਤੇ ਉਸਦੀ ਦੂਜੀ ਪਤਨੀ ਰਹਿੰਦੀ ਸੀ। ਬੱਚਿਆਂ ਦਾ ਨਾਂ ਹੈਂਸਲ ਅਤੇ ਗ੍ਰੇਟੇਲ ਸੀ। ਹੈਂਸਲ, ਗ੍ਰੇਟੇਲ ਦਾ ਵੱਡਾ ਭਰਾ ਸੀ।

ਇੱਕ ਦਿਨ, ਉਨ੍ਹਾਂ ਕੋਲ ਕੋਈ ਭੋਜਨ ਨਹੀਂ ਸੀ। ਲੱਕੜਹਾਰੇ ਦੀ ਪਤਨੀ ਨੇ ਉਸ ਨੂੰ ਕਿਹਾ ਕਿ ਉਨ੍ਹਾਂ ਨੂੰ ਬੱਚਿਆਂ ਨੂੰ ਜੰਗਲ ਦੇ ਵਿੱਚ ਭੇਜਣਾ ਪਵੇਗਾ। ਉਹ ਚਾਹੁੰਦੀ ਸੀ ਕਿ ਉਹ ਹਮੇਸ਼ਾਂ ਲਈ ਗੁਆਚ ਜਾਣ ਤਾਂ ਜੋ ਉਸ ਦੇ ਅਤੇ ਲੱਕੜਹਾਰੇ ਕੋਲ ਖਾਣ ਵਾਸਤੇ ਜਿਆਦਾ ਭੋਜਨ ਹੋਵੇ।

ਹੈਂਸਲ ਨੇ ਆਪਣੀ ਦੁਸ਼ਟ ਸੌਤੇਲੀ ਮਾਂ ਨੂੰ ਗੱਲ ਕਰਦੇ ਸੁਣ ਲਿਆ। ਉਹ ਬਾਹਰ ਗਿਆ ਅਤੇ ਉਸਨੇ ਆਪਣੀ ਜੇਬ ਨੂੰ ਛੋਟੇ ਸਫੇਦ ਕੰਕਰਾਂ ਨਾਲ ਭਰ ਲਿਆ।

ਅਗਲੇ ਦਿਨ ਲੱਕੜਹਾਰਾ ਅਤੇ ਉਸਦੀ ਪਤਨੀ, ਬੱਚਿਆਂ ਨੂੰ ਜੰਗਲ ਵਿੱਚ ਲੈ ਗਏ। ਲੱਕੜਹਾਰਾ ਆਪਣੇ ਬੱਚਿਆਂ ਨੂੰ ਛੱਡ ਕੇ ਖੁਸ਼ ਨਹੀਂ ਸੀ, ਪਰ ਉਸਦੀ ਪਤਨੀ ਨੇ ਉਸਨੂੰ ਅਜਿਹਾ ਕਰਨ ਲਈ ਮਜਬੂਰ ਕਰ ਦਿੱਤਾ।

ਇਸ ਤਰ੍ਹਾਂ ਹੈਂਸਲ ਅਤੇ ਗ੍ਰੇਟੇਲ ਇਕੱਲੇ ਰਹਿ ਗਏ।

ਰਾਤ ਹੋ ਗਈ ਸੀ ਅਤੇ ਮੌਸਮ ਠੰਡਾ ਹੋ ਗਿਆ ਸੀ। ਗਰੇਟਲ ਨੇ ਰੋਣਾ ਸ਼ੁਰੂ ਕਰ ਦਿੱਤਾ।

ਹੈਂਸਲ ਨੇ ਕਿਹਾ, "ਚਿੰਤਾ ਨਾ ਕਰ, ਮੇਰਾ ਹੱਥ ਫੜ ਅਤੇ ਮੈਂ ਆਪਾਂ ਨੂੰ ਘਰ ਪਹੁੰਚਾਵਾਂਗਾ।"

ਜਦੋ ਉਹ ਸਵੇਰੇ ਜੰਗਲ ਵਿੱਚ ਆ ਰਹੇ ਸੀ, ਤਾਂ ਹੈਂਸਲ ਚਿੱਟੇ ਕੰਕਰ, ਆਪਣੇ ਪਿੱਛੇ ਨਿਸ਼ਾਨੀ ਵਜੋਂ ਗਿਰਾਉਂਦਾ ਆ ਰਿਹਾ ਸੀ। ਖੁਸ਼ਕਿਸਮਤੀ ਨਾਲ, ਚੰਦਰਮਾ ਦੀ ਰੋਸ਼ਨੀ ਤੇਜ ਸੀ ਅਤੇ ਕੰਕਰ ਚਿੱਟੇ ਰੰਗ ਦੇ ਸਨ। ਬੱਚੇ ਕੰਕਰਾਂ ਨਾਲ ਬਣੀ ਇਸ ਪਗਡੰਡੀ ਰਾਹੀਂ ਘਰ ਪਹੁੰਚ ਗਏ।

ਲੱਕੜਹਾਰੇ ਦੀ ਪਤਨੀ ਨੇ ਜਦੋਂ ਬੱਚਿਆਂ ਨੂੰ ਵੇਖਿਆ ਤਾਂ ਉਸ ਨੂੰ ਬਹੁਤ ਗੁੱਸਾ ਆਇਆ। ਉਸਨੇ ਰੌਲਾ ਪਾਉਂਦੇ ਹੋਏ, ਆਪਣੇ ਪਤੀ ਨੂੰ, ਬੱਚਿਆਂ ਨੂੰ ਵਾਪਸ ਜੰਗਲ ਵਿੱਚ ਛੱਡ ਕੇ ਆਉਣ ਲਈ ਕਿਹਾ।

ਲੱਕੜਹਾਰਾ ਨਾਰਾਜ਼ ਸੀ ਲੇਕਿਨ ਉਸ ਨੂੰ ਆਪਣੀ ਪਤਨੀ ਦਾ ਡਰ ਸੀ। ਉਹ ਆਪਣੀ ਪਤਨੀ ਦੀ ਗੱਲ ਮੰਨਣ ਵਾਸਤੇ ਸਹਿਮਤ ਹੋ ਗਿਆ। ਜਦੋਂ ਬੱਚਿਆਂ ਨੂੰ ਦਰਵਾਜ਼ੇ ਤੋਂ ਬਾਹਰ ਧੱਕਾ ਦਿੱਤਾ ਜਾ ਰਿਹਾ ਸੀ, ਹੈਂਸਲ ਨੇ ਬ੍ਰੈੱਡ ਦਾ ਇੱਕ ਟੁਕੜਾ ਫੜ੍ਹ ਲਿਆ। ਜਦੋਂ ਉਹ ਵਾਪਿਸ ਜੰਗਲ ਵਿੱਚ ਜਾ ਰਹੇ ਸੀ ਤਾਂ, ਹੈਂਸਲ ਰਸਤੇ ਵਿੱਚ ਬ੍ਰੈਡ ਦੇ ਟੁਕੜੇ ਕਰਕੇ ਗਿਰਾਉਂਦਾ ਰਿਹਾ। ਉਹ ਉਮੀਦ ਕਰ ਰਿਹਾ ਸੀ ਕਿ ਉਹ ਇਨ੍ਹਾਂ ਟੁਕੜਿਆਂ ਤੋਂ ਬਣੀ ਪਗਡੰਡੀ ਦੇ ਸਹਾਰੇ ਫਿਰ ਤੋਂ ਵਾਪਸ ਆ ਜਾਵੇਗਾ।

ਜਦੋਂ ਉਹ ਜੰਗਲ ਦੇ ਵਿਚਕਾਰ ਪਹੁੰਚੇ ਤਾਂ, ਬੱਚਿਆਂ ਦੇ ਪਿਤਾ ਨੇ ਕੋਈ ਬਹਾਨਾ ਬੁੜਬੁੜਾਇਆ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਸ ਨੂੰ ਜਾਣਾ ਪਵੇਗਾ।

ਫਿਰ ਤੋਂ ਰਾਤ ਹੋ ਗਈ ਲੇਕਿਨ ਇਸ ਵਾਰ ਕੋਈ ਚੰਦਰਮਾ ਨਹੀਂ ਸੀ। ਬੱਚੇ ਇੱਕ-ਦੂਜੇ ਨੂੰ ਜੱਫੀ ਪਾਕੇ ਇੱਕ ਵੱਡੇ ਦਰਖ਼ਤ ਦੇ ਹੇਠਾਂ ਲੇਟ ਗਏ ਅਤੇ ਸਵੇਰ ਤੱਕ ਸੋਂਦੇ ਰਹੇ। 

ਅਗਲੇ ਦਿਨ ਹੈਂਸਲ ਨੇ ਕਿਹਾ, “ਚਿੰਤਾ ਨਾ ਕਰ, ਅਸੀਂ ਬਰੈੱਡ ਦੇ ਟੁਕੜਿਆਂ ਨਾਲ ਬਣੀ ਪਗਡੰਡੀ ਦਾ ਪਿੱਛਾ ਕਰਾਂਗੇ, ਅਤੇ ਘਰ ਜਾਵਾਂਗੇ।”

ਲੇਕਿਨ ਬਰੈੱਡ ਦੇ ਟੁਕੜਿਆਂ ਨਾਲ ਬਣੀ ਪਗਡੰਡੀ ਉੱਥੇ ਨਹੀਂ ਸੀ। ਹੈਂਸਲ ਨੇ ਸੋਚਿਆ ਹੀ ਨਹੀਂ ਸੀ ਕਿ ਪੰਛੀ ਟੁਕੜੇ ਖਾ ਜਾਣਗੇ। ਇਸ ਵਾਰ ਬੱਚੇ ਸੱਚ-ਮੁੱਚ ਹੀ ਗਵਾਚ ਗਏ ਸਨ। 

ਬੱਚੇ ਜੰਗਲ ਦੇ ਵਿੱਚ ਭਟਕਦੇ ਰਹੇ। ਬਹੁਤ ਦੇਰ ਬਾਅਦ, ਉਹਨਾਂ ਨੂੰ ਕੁਝ ਰੁੱਖਾਂ ਦੇ ਵਿਚਕਾਰ ਇੱਕ ਛੋਟਾ, ਵਚਿੱਤਰ ਜਿਹਾ ਘਰ ਮਿਲਿਆ। ਇਹ ਕੁੱਝ ਅਜਿਹਾ ਦਿਸ ਰਿਹਾ ਸੀ ਜਿਵੇਂ ਇਸ ਨੂੰ ਅਦਰਕ ਵਾਲੀ ਬਰੈਡ ਨਾਲ ਬਣਾ ਕੇ, ਇਸਦੀ ਆਈਸਿੰਗ ਨਾਲ ਫਿਨਿਸ਼ਿੰਗ ਕੀਤੀ ਗਈ ਹੋਵੇ।

 

ਹੈਂਸਲ ਨੇ ਇਸ ਘਰ ਦੀ ਕੰਧ ਦਾ ਇੱਕ ਟੁਕੜਾ ਤੋੜਿਆ। ਉਸ ਨੇ ਉਹ ਖਾ ਕੇ ਦੇਖਿਆ - ਉਹ ਸਵਾਦ ਸੀ। ਉਸਤੋਂ ਬਾਅਦ ਗ੍ਰੇਟੇਲ ਨੇ ਖਿੜਕੀ ਦਾ ਇੱਕ ਟੁਕੜਾ ਤੋੜ ਦਿੱਤਾ। ਇਸ ਦਾ ਸਵਾਦ ਬਹੁਤ ਵਧੀਆ ਸੀ ! ਉਹਨਾਂ ਨੇ ਹੋਰ ਟੁਕੜੇ ਤੋੜੇ: ਬਿਸਕੁਟ, ਕੂਕੀਜ਼ ਅਤੇ ਮਿਠਾਈਆਂ ਵਿੱਚੋਂ ਨਿਕਲਣ ਲੱਗੇ ।

ਅਚਾਨਕ ਦਰਵਾਜ਼ਾ ਖੁੱਲ ਗਿਆ ਅਤੇ ਇੱਕ ਬਜ਼ੁਰਗ ਔਰਤ ਬਾਹਰ ਆਈ। ਉਹ ਕੋਈ ਦਿਆਲੂ ਬਜੁਰਗ ਔਰਤ ਨਹੀਂ ਸੀ…. ਓਹ ਨਹੀਂ ! ਉਹ ਤਾਂ ਇੱਕ ਡੈਣ ਸੀ। 

ਡੈਣ ਨੇ ਕਿਹਾ, “ਖਾਣ ਨੂੰ ਹੋਰ ਵੀ ਬਹੁਤ ਕੁੱਝ ਹੈ, ਅੰਦਰ ਆ ਜਾਓ !”

ਹੈਂਸਲ ਅਤੇ ਗ੍ਰੇਟੇਲ ਖਾਣ ਦੀਆਂ ਹੋਰ ਚੀਜ਼ਾਂ ਪਾ ਕੇ ਖੁਸ਼ ਸਨ। ਡੈਣ ਨੇ ਹੈਂਸਲ ਅਤੇ ਗ੍ਰੇਟੇਲ ਨੂੰ ਖਾਣ ਲਈ ਬੜਾ ਕੁੱਝ ਦਿੱਤਾ। ਉਸ ਨੇ ਉਨ੍ਹਾਂ ਨੂੰ ਖਾਣ ਲਈ ਕਾਫੀ ਸਾਰੀਆਂ ਚੀਜ਼ਾਂ ਦਿੱਤੀਆਂ ! ਉਸ ਨੇ ਉਨ੍ਹਾਂ ਨੂੰ ਖਾਣ ਲਈ ਹੱਦ ਤੋਂ ਜਿਆਦਾ ਚੀਜ਼ਾਂ ਦਿੱਤੀਆਂ ! 

ਦੁਸ਼ਟ ਡੈਣ ਦੀ ਯੋਜਨਾ ਦੋਵੇਂ ਬੱਚਿਆਂ ਨੂੰ ਆਪਣੀ ਤੰਦੂਰ ਵਿੱਚ ਪਕਾ ਕੇ ਖਾਣ ਦੀ ਸੀ ! ਹਾਲਾਂਕਿ, ਉਸਨੇ ਸੋਚਿਆ ਕਿ ਜੇਕਰ ਇਹ ਬੱਚੇ ਇੰਨੇ ਪਤਲੇ ਨਾ ਹੋਣ ਤਾਂ ਉਨ੍ਹਾਂ ਨੂੰ ਖਾਣ ਵਿੱਚ ਜਿਆਦਾ ਸਵਾਦ ਆਵੇਗਾ। ਉਹ ਉਨ੍ਹਾਂ ਨੂੰ ਚੰਗੀ ਤਰ੍ਹਾਂ ਖਵਾਉਣਾ ਚਾਹੁੰਦੀ ਸੀ ਤਾਂ ਜੋ ਉਹ, ਉਨ੍ਹਾਂ ਨੂੰ, ਉਨ੍ਹਾਂ ਦੇ ਮੋਟੇ ਹੋਣ ਤੋਂ ਬਾਅਦ ਖਾ ਸਕੇ। ਹਰ ਰੋਜ਼, ਹਫ਼ਤਿਆਂ ਤੱਕ, ਡੈਣ ਨੇ ਬੱਚਿਆਂ ਨੂੰ ਖਾਣ ਲਈ ਬਹੁਤ ਸਾਰਾ ਭੋਜਣ ਦਿੱਤਾ। 

ਉਸਨੇ ਗ੍ਰੇਟੇਲ ਨੂੰ ਘਰ ਦੀ ਸਫਾਈ 'ਤੇ ਲਗਾ ਦਿੱਤਾ ਅਤੇ ਹੈਂਸਲ ਨੂੰ ਇੱਕ ਪਿੰਜਰੇ ਵਿੱਚ ਬੰਦ ਕਰ ਦਿੱਤਾ। ਹਰ ਰਾਤ ਉਹ ਹੈਂਸਲ ਨੂੰ ਉਂਗਲੀ ਦਬਾਉਣ ਲਈ ਕਹਿੰਦੀ ਸੀ ਤਾਂ ਜੋ ਉਹ ਮਹਿਸੂਸ ਕਰ ਸਕੇ ਕਿ ਉਹ ਕਿੰਨਾ ਮੋਟਾ ਹੋ ਰਿਹਾ ਸੀ।

ਡੈਣ ਨੂੰ ਚੰਗੀ ਤਰ੍ਹਾਂ ਦਿਖਾਈ ਨਹੀਂ ਸੀ ਦਿੰਦਾ। ਉਹ ਹੈਂਸਲ ਨੂੰ ਕੇਵਲ ਦੇਖਣ ਦੀ ਬਜਾਏ, ਉਸ ਦੀ ਉਂਗਲ ਮਹਿਸੂਸ ਕਰਨਾ ਚਾਹੁੰਦੀ ਸੀ। ਹਾਲਾਂਕਿ, ਹੈਂਸਲ ਹੁਸ਼ਿਆਰ ਸੀ। ਉਸਨੇ ਆਪਣੀ ਜੇਬ ਵਿੱਚ ਇੱਕ ਪੁਰਾਣੀ ਮੁਰਗੇ ਦੀ ਹੱਡੀ ਰੱਖੀ ਹੋਈ ਸੀ। ਹਰ ਰਾਤ, ਉਹ ਆਪਣੀ ਉਂਗਲ ਦੀ ਬਜਾਏ, ਡੈਣ ਨੂੰ ਮੁਰਗੇ ਦੀ ਉਹ ਹੱਡੀ ਦਬਾਉਣ ਲਈ ਦੇ ਦਿੰਦਾ ਸੀ। ਡੈਣ ਇਸ ਗੱਲ ਤੋਂ ਨਾਰਾਜ਼ ਸੀ ਕਿ ਹੈਂਸਲ ਕਦੇ ਵੀ ਮੋਟਾ ਹੁੰਦਾ ਮਹਿਸੂਸ ਨਹੀਂ ਹੋਇਆ।

ਇੱਕ ਦਿਨ ਡੈਣ, ਹੈਂਸਲ ਦੇ ਮੋਟੇ ਹੋਣ ਦੀ ਉਡੀਕ ਕਰਦਿਆਂ ਤੰਗ ਆ ਗਈ। ਉਸਨੇ ਆਪਣਾ ਤੰਦੂਰ ਜਲਾਇਆ ਤਾਂ ਜੋ ਉਹ ਲੜਕੇ ਨੂੰ ਭੁੰਨ ਸਕੇ ਅਤੇ ਇੱਕ ਸੁਆਦੀ ਭੋਜਨ ਖਾ ਸਕੇ।

ਉਸਨੇ ਤੰਦੂਰ ਦਾ ਦਰਵਾਜਾ ਖੋਲਿਆ ਅਤੇ ਇਹ ਜਾਂਚ ਕਰਨ ਵਾਸਤੇ ਕਿ ਉਹ ਗਰਮ ਹੋ ਗਿਆ ਹੈ ਜਾਂ ਨਹੀਂ, ਤੰਦੂਰ ਦੇ ਅੰਦਰ ਦੇਖਣ ਲੱਗੀ। ਜਿਵੇਂ ਹੀ ਡੈਣ ਥੱਲੇ ਨੂੰ ਝੁਕੀ, ਗ੍ਰੇਟੇਲ ਕਮਰੇ ਦੇ ਪਾਰ ਭੱਜ ਕੇ ਆਈ ਅਤੇ ਉਸਨੇ ਡੈਣ ਨੂੰ ਤੰਦੂਰ ਵਿੱਚ ਧੱਕਾ ਮਾਰ ਦਿੱਤਾ। ਇਸ ਛੋਟੀ ਬੱਚੀ ਨੇ ਤੰਦੂਰ ਦਾ ਦਰਵਾਜਾ ਇੱਕ ਦਮ ਬੰਦ ਕਰ ਦਿੱਤਾ! ਕਲੇਂਗ ! ਡੈਣ ਫਸ ਚੁੱਕੀ ਸੀ !

ਗ੍ਰੇਟੇਲ ਨੇ ਇਸ ਜਿੰਜਰਬ੍ਰੇਡ ਵਾਲੇ ਘਰ ਨੂੰ ਛਾਣ ਮਾਰਿਆ। ਇਹ ਕੇਕ ਅਤੇ ਮਠਿਆਈਆਂ ਨਾਲ ਭਰਿਆ ਹੋਇਆ ਸੀ। ਇੱਕ ਕਮਰੇ ਵਿੱਚ, ਉਸਨੂੰ ਸੋਨੇ ਨਾਲ ਭਰੀ ਹੋਈ ਸੰਦੂਕ ਮਿਲੀ। ਗ੍ਰੇਟੇਲ ਨੂੰ ਹੈਂਸਲ ਦੇ ਪਿੰਜਰੇ ਦੀ ਚਾਬੀ ਮਿਲ ਗਈ।

ਉਸਨੇ ਆਪਣੇ ਭਰਾ ਨੂੰ ਪਿੰਜਰੇ ਤੋਂ ਮੁਕਤ ਕਰ ਦਿੱਤਾ। ਦੋਵੇਂ ਬੱਚਿਆਂ ਨੇ ਆਪਣੀਆਂ ਜੇਬਾਂ ਨੂੰ, ਜਿੰਨਾ ਉਹ ਭਰ ਸਕਦੇ ਸੀ ਉਨ੍ਹਾਂ ਸੋਨੇ ਨਾਲ ਭਰਿਆ ਅਤੇ ਉੱਥੋਂ ਚਲੇ ਗਏ।

ਪੂਰੇ ਦੋ ਦਿਨਾਂ ਤੱਕ, ਬੱਚਿਆਂ ਨੇ ਜੰਗਲ ਵਿੱਚ ਤਲਾਸ਼ ਕੀਤੀ। ਆਖਰਕਾਰ, ਉਨ੍ਹਾਂ ਨੂੰ ਉਨ੍ਹਾਂ ਦਾ ਘਰ ਮਿਲ ਗਿਆ। ਉਨ੍ਹਾਂ ਨੇ ਆਪਣੇ ਪਿਤਾ ਨੂੰ ਦੇਖਿਆ! ਉਨ੍ਹਾਂ ਦਾ ਪਿਤਾ ਉਨ੍ਹਾਂ ਨੂੰ ਦੇਖ ਕੇ ਖੁਸ਼ ਸੀ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਸੌਤੇਲੀ ਮਾਂ ਦੂਰ ਜਾ ਚੁੱਕੀ ਹੈ।

ਹੈਂਸਲ ਅਤੇ ਗ੍ਰੇਟੇਲ ਨੇ ਆਪਣੇ ਘਰ ਦਾ ਰਸਤਾ ਲੱਭ ਲਿਆ ਸੀ। ਉਹ ਫਿਰ ਕਦੇ ਭੁੱਖੇ ਅਤੇ ਗਰੀਬ ਨਾ ਰਹੇ।

Enjoyed this story?
Find out more here