KidsOut World Stories

ਸਕੂਲ ਜਾਣ ਵਾਲੀ ਬੱਸ Anonymous    
Previous page
Next page

ਸਕੂਲ ਜਾਣ ਵਾਲੀ ਬੱਸ

A free resource from

Begin reading

This story is available in:

 

 

 

 

 

 

ਸਕੂਲ ਜਾਣ ਵਾਲੀ ਬੱਸ
 

 

 

 

 

 

 

 *

ਜਿਹੜੀ ਚੀਜ਼ ਜੋਆਕੁਇਨ ਨੂੰ ਇੰਗਲੈਂਡ ਬਾਰੇ ਸਭ ਤੋਂ ਵੱਧ ਪਸੰਦ ਸੀ ਉਹ ਬੱਸ ਸੀ। ਉਹ ਅਤੇ ਉਸ ਦੀ ਮਾਂ ਜੋਆਕੁਇਨ ਦੇ ਨਵੇਂ ਸਕੂਲ ਜਾਣ ਲਈ ਹਰ ਰੋਜ਼ ਬੱਸ ਫੜਦੇ ਸਨ। ਉਹ ਆਲੇ-ਦੁਆਲੇ ਵੱਖ-ਵੱਖ ਯਾਤਰੀਆਂ ਵੱਲ ਦੇਖਣਾ ਪਸੰਦ ਕਰਦਾ ਸੀ।

ਜ਼ਿਆਦਾਤਰ ਸੀਟਾਂ 'ਤੇ ਕੰਮ 'ਤੇ ਜਾਂਦੇ ਲੋਕ ਬੈਠੇ ਹੁੰਦੇ ਸਨ। ਉਹਨਾਂ ਨੇ ਸਮਾਰਟ ਕੱਪੜੇ ਪਹਿਨੇ ਹੁੰਦੇ ਸੀ ਅਤੇ ਹੱਥ ਵਿੱਚ ਬੈਗ ਅਤੇ ਬ੍ਰੀਫਕੇਸ ਫੜੇ ਹੁੰਦੇ ਸਨ। ਹੋਰ ਸੀਟਾਂ ਜੋਆਕੁਇਨ ਵਰਗੇ ਸਕੂਲੀ ਬੱਚਿਆਂ ਦੁਆਰਾ ਮੱਲੀਆਂ ਹੁੰਦੀਆਂ। ਉਨ੍ਹਾਂ ਵਿਚੋਂ ਬਹੁਤੇ ਵੱਡੇ ਸਨ ਅਤੇ ਉਹਨਾਂ ਨੇ ਮੇਲ ਖਾਂਦੀਆਂ ਵਰਦੀਆਂ ਪਾਈਆਂ ਹੋਈਆਂ ਸਨ।

ਜੋਆਕੁਇਨ ਦੇ ਮਨਪਸੰਦ ਯਾਤਰੀਆਂ ਵਿਚੋਂ ਚਿੱਟੇ ਵਾਲਾਂ ਵਾਲੀ ਇੱਕ ਔਰਤ ਸੀ। ਉਹ ਆਪਣੇ ਬੈਗ ਵਿੱਚ ਇੱਕ ਛੋਟਾ ਜਿਹਾ ਭੂਰੇ ਰੰਗ ਦਾ ਕੁੱਤਾ ਲੈ ਕੇ ਜਾਂਦੀ ਸੀ। ਔਰਤ ਨੇ ਕਿਹਾ ਕਿ ਕੁੱਤਾ ਘਬਰਾਇਆ ਹੋਇਆ ਸੀ। ਜੋਆਕੁਇਨ ਹਮੇਸ਼ਾਂ ਯਕੀਨੀ ਬਣਾਉਂਦਾ ਸੀ ਕਿ ਉਹ ਇਸ ਨੂੰ ਨਰਮੀ ਨਾਲ ਥਪਥਪਾਏ।

ਜੋਆਕੁਇਨ ਨੂੰ ਜ਼ਿਆਦਾ ਅੰਗਰੇਜੀ ਨਹੀਂ ਆਉਂਦੀ ਸੀ, ਪਰ ਉਸ ਦੀ ਮਾਂ ਕਾਫ਼ੀ ਕੁਝ ਜਾਣਦੀ ਸੀ। ਜਦੋਂ ਉਹ ਬੱਸ ਵਿੱਚ ਬੈਠਦੇ, ਤਾਂ ਉਹ ਕਿਰਾਏ ਬਾਰੇ ਪੁੱਛਦੀ। ਬੱਸ ਡਰਾਈਵਰ ਉਨ੍ਹਾਂ ਦੀਆਂ ਟਿਕਟਾਂ ਪ੍ਰਿੰਟ ਕਰਦਾ।

ਹਰ ਸਵੇਰ ਉਹ ਕਹਿੰਦੀ, 'ਬਲੈਕਫ੍ਰਾਇਰਜ਼ ਦੀਆਂ ਦੋ ਵਾਪਸੀ ਟਿਕਟਾਂ'। ਜਦੋਂ ਉਹ ਬੱਸ ਤੋਂ ਉਤਰਦੇ, ਤਾਂ ਉਹ ਜੋਆਕੁਇਨ ਨੂੰ 'ਤੁਹਾਡਾ ਬਹੁਤ-ਬਹੁਤ ਧੰਨਵਾਦ' ਕਹਿਣ ਲਈ ਕਹਿੰਦੀ ਸੀ। ਇਹ ਸ਼ਬਦ ਅਣਜਾਣੇ ਮਹਿਸੂਸ ਹੋਏ, ਪਰ ਅਭਿਆਸ ਨਾਲ, ਉਹ ਉਨ੍ਹਾਂ ਦਾ ਉਚਾਰਨ ਕਰਨ ਦਾ ਆਦੀ ਹੋ ਗਿਆ।

ਜੋਆਕੁਇਨ ਦੇ ਸਕੂਲ ਦੇ ਜ਼ਿਆਦਾਤਰ ਵਿਦਿਆਰਥੀ ਅੰਗਰੇਜ਼ ਸਨ। ਉਹ ਅਕਸਰ ਕਲਾਸ ਦੇ ਇੱਕ ਪਾਸੇ ਇਕੱਲਾ ਬੈਠਦਾ ਸੀ। ਉਸ ਦੇ ਅਧਿਆਪਕ ਦਾ ਸੁਭਾਅ ਦੋਸਤਾਨਾ ਸੀ, ਪਰ ਜੋਆਕੁਇਨ ਸ਼ਰਮੀਲਾ ਸੀ। ਉਹ ਇੱਕ-ਸ਼ਬਦ ਦੇ ਜਵਾਬ ਦਿੰਦਾ ਅਤੇ ਆਪਣਾ ਹੱਥ ਨਾ ਚੁੱਕਦਾ। ਉਹ ਅੰਗਰੇਜ਼ੀ ਵਿੱਚ ਕੁਝ ਗਲਤ ਕਹਿਣ ਬਾਰੇ ਚਿੰਤਤ ਸੀ। ਉਹ ਆਪਣੀ ਵਿਆਕਰਨ ਦਾ ਗਲਤ ਹੋਣਾ ਜਾਂ ਕਿਸੇ ਚੀਜ਼ ਦਾ ਗਲਤ ਉਚਾਰਨ ਕਰਨਾ ਪਸੰਦ ਨਹੀਂ ਕਰਦਾ ਸੀ। ਜੋਆਕੁਇਨ ਅੰਗਰੇਜੀ ਬੋਲਣ ਤੋਂ ਪਹਿਲਾਂ ਆਪਣੀ ਅੰਗਰੇਜੀ ਉੱਤਮ ਕਰਨਾ ਚਾਹੁੰਦਾ ਸੀ, ਪਰ ਉਸਨੇ ਕਦੇ ਵੀ ਅਭਿਆਸ ਕਰਨ ਦਾ ਮੌਕਾ ਨਹੀਂ ਲਿਆ।

ਦਸੰਬਰ ਦੇ ਸ਼ੁਰੂ ਵਿੱਚ, ਜੋਆਕੁਇਨ ਦੀ ਮਾਂ ਨੂੰ ਜ਼ੁਕਾਮ ਹੋ ਗਿਆ। ਉਸਨੇ ਆਪਣੇ ਆਪ ਨੂੰ ਅਤੇ ਜੋਆਕੁਇਨ ਨੂੰ ਮੋਟੇ ਕੱਪੜੇ ਪਹਿਨਾਏ। ਉਸਨੇ ਆਪਣੀ ਗਰਦਨ ਦੁਆਲੇ ਇੱਕ ਲੰਮਾ ਸਕਾਰਫ ਲਪੇਟਿਆ। ਜੋਆਕੁਇਨ ਨੂੰ ਪਹਿਲਾਂ ਵੀ ਠੰਢ ਲਗੀ ਸੀ, ਪਰ ਬਰਤਾਨਵੀ ਸਰਦੀਆਂ ਖਤਰਨਾਕ ਅਤੇ ਹਨੇਰੀਆਂ ਸਨ।

ਹਵਾ ਨੇ ਉਸ ਦੀਆਂ ਉਂਗਲੀਆਂ ਦੇ ਪੋਟਿਆਂ ਨੂੰ ਚੀਰ ਦਿੱਤਾ। ਜਿਵੇਂ ਉਹ ਬੱਸ ਅੱਡੇ ਵੱਲ ਤੁਰੇ, ਉਸ ਦੀ ਮਾਂ ਨੂੰ ਕੰਬਣੀ ਹੋਈ ਅਤੇ ਉਹ ਖੰਘਣ ਲੱਗੀ। ਜੋਆਕੁਇਨ ਨੇ ਉਸਦੀਆਂ ਠੰਢੀਆਂ ਉਂਗਲਾਂ ਫੜ ਲਈਆਂ।

ਬੱਸ ਆ ਗਈ, ਅਤੇ ਉਹਨਾਂ ਨੇ ਹੋਰ ਯਾਤਰੀਆਂ ਦੇ ਚੜ੍ਹਨ ਦਾ ਇੰਤਜ਼ਾਰ ਕੀਤਾ। ਜੋਆਕੁਇਨ ਦੀ ਮਾਂ ਨੂੰ ਫਿਰ ਖੰਘ ਆਈ ਅਤੇ ਕਹਿਣ ਲੱਗੀ, 'ਕਿਰਾਏ ਲਈ ਪੁੱਛ, ਜੋਆਕੁਇਨ।'

ਜੋਆਕੁਇਨ ਨੇ ਡੂੰਘਾ ਸਾਹ ਲਿਆ। ਉਸ ਨੇ ਬੱਸ 'ਤੇ ਕਦਮ ਰੱਖਿਆ ਅਤੇ ਆਲੇ-ਦੁਆਲੇ ਦੇਖਿਆ। ਆਮ ਵਾਂਗ, ਬਹੁਤ ਸਾਰੇ ਲੋਕ ਸਨ। ਉਨ੍ਹਾਂ ਦਾ ਧਿਆਨ ਉਨ੍ਹਾਂ ਦੇ ਫੋਨਾਂ ਜਾਂ ਕਿਤਾਬਾਂ ਵੱਲ ਸੀ। ਸਿਰਫ਼ ਬੁੱਢੀ ਔਰਤ ਅਤੇ ਉਸ ਦਾ ਕੁੱਤਾ ਹੀ ਉੱਪਰ ਵੱਲ ਦੇਖ ਰਹੇ ਸਨ। ਔਰਤ ਜੋਆਕੁਇਨ ਵੱਲ ਦੇਖ ਕੇ ਮੁਸਕਰਾਈ।

ਥੋੜ੍ਹੇ ਜਿਹੇ ਆਤਮ-ਵਿਸ਼ਵਾਸ ਨਾਲ, ਜੋਆਕੁਇਨ ਨੇ ਬੱਸ ਡਰਾਈਵਰ ਵੱਲ ਦੇਖਿਆ ਅਤੇ ਆਪਣੀ ਸਭ ਤੋਂ ਨਿਮਰਤਾ ਭਰੀ ਆਵਾਜ਼ ਵਿੱਚ ਕਿਹਾ, 'ਬਲੈਕਫ੍ਰਾਈਜ਼ ਲਈ ਦੋ ਟਿਕਟਾਂ।'

ਬੱਸ ਡਰਾਈਵਰ ਨੇ ਉਲਝਣ ਵਿੱਚ ਪੈ ਕੇ ਉਸ ਵੱਲ ਤੱਕਿਆ, 'ਬਲੈਕਫ੍ਰਾਈਜ਼?'

ਜੋਆਕੁਇਨ ਨੇ ਮਹਿਸੂਸ ਕੀਤਾ ਕਿ ਉਸ ਦਾ ਚਿਹਰਾ ਲਾਲ ਹੋ ਗਿਆ ਹੈ, 'ਬਲੈਕਫ੍ਰਾਈਜ਼ ਤੱਕ। ਮੇਰਾ ਸਕੂਲ ਬਲੈਕਫ੍ਰਾਈਜ਼ ਵਿਖੇ ਹੈ।'

'ਕੀ ਤੇਰਾ ਮਤਲਬ ਬਲੈਕਫ੍ਰਾਇਰਜ਼ ਤੋਂ ਹੈ?'

'ਹਾਂ,' ਜੋਆਕੁਇਨ ਨੇ ਸਿਰ ਹਿਲਾਇਆ।

ਕੁਝ ਹੋਰ ਯਾਤਰੀਆਂ ਨੇ ਆਪਣੇ ਫੋਨਾਂ ਤੋਂ ਧਿਆਨ ਹਟਾ ਕੇ ਉੱਪਰ ਦੇਖਿਆ। ਉਹ ਜੋਆਕੁਇਨ ਦੁਆਰਾ ਕੀਤੀ ਜਾ ਰਹੀ ਦੇਰੀ ਤੋਂ ਨਾਰਾਜ਼ ਜਾਪ ਰਹੇ ਸਨ। ਇੱਕ ਵਾਰ ਜਦੋਂ ਜੋਆਕੁਇਨ ਦੀ ਮਾਂ ਨੇ ਉਨ੍ਹਾਂ ਦੀਆਂ ਟਿਕਟਾਂ ਦਾ ਭੁਗਤਾਨ ਕਰ ਦਿੱਤਾ, ਤਾਂ ਉਸ ਨੇ ਉਸ ਦਾ ਹੱਥ ਫੜ ਲਿਆ ਅਤੇ ਆਪਣਾ ਚਿਹਰਾ ਛੁਪਾ ਲਿਆ।

ਜੋਆਕੁਇਨ ਨੂੰ ਸ਼ਰਮ ਮਹਿਸੂਸ ਹੋਈ। ਉਸ ਨੇ ਆਪਣੀ ਮਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਅਸਫਲ ਰਿਹਾ ਸੀ। ਡੁਸਕਦੇ ਹੋਏ, ਜੋਆਕੁਇਨ ਬਾਕੀ ਦੇ ਸਫ਼ਰ ਦੌਰਾਨ ਫਰਸ਼ ਵੱਲ ਘੂਰਦਾ ਰਿਹਾ। ਜਦੋਂ ਉਹ ਬੱਸ ਤੋਂ ਉਤਰੇ, ਤਾਂ ਜੋਆਕੁਇਨ ਨੇ ਬੱਸ ਡਰਾਈਵਰ ਨੂੰ 'ਧੰਨਵਾਦ' ਨਹੀਂ ਕਿਹਾ ਜਿਵੇਂ ਕਿ ਉਹ ਆਮ ਤੌਰ 'ਤੇ ਕਰਦਾ ਸੀ। ਉਸਦੀ ਮਾਂ ਨੂੰ ਖੁਦ ਡਰਾਈਵਰ ਦਾ ਧੰਨਵਾਦ ਕਰਨਾ ਪਿਆ।

ਬਾਕੀ ਸਾਰਾ ਦਿਨ, ਜੋਆਕੁਇਨ ਆਮ ਨਾਲੋਂ ਵੀ ਜ਼ਿਆਦਾ ਸ਼ਾਂਤ ਸੀ। ਉਸਨੇ ਆਪਣੀ ਅਧਿਆਪਕਾ ਨਾਲ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਹਾਲਾਂਕਿ ਉਸਨੇ ਉਸਨੂੰ ਅਜਿਹਾ ਕਰਨ ਲਈ ਉਤਸ਼ਾਹਤ ਕੀਤਾ ਸੀ। ਉਹ ਆਪਣੇ ਆਪ ਨੂੰ ਬੋਲਣ ਲਈ ਤਿਆਰ ਨਹੀਂ ਕਰ ਸਕਿਆ ਕਿ ਕਿਧਰੇ ਉਹ ਕੋਈ ਹੋਰ ਗਲਤੀ ਨਾ ਕਰ ਦੇਵੇ।

ਜਦੋਂ ਜੋਆਕੁਇਨ ਦੀ ਮਾਂ ਨੇ ਉਸ ਨੂੰ ਸਕੂਲ ਤੋਂ ਚੁੱਕਿਆ, ਤਾਂ ਉਹ ਉਸ ਸਵੇਰ ਨਾਲੋਂ ਬਿਹਤਰ ਮਹਿਸੂਸ ਕਰ ਰਹੀ ਸੀ।

ਜਦੋਂ ਉਸਨੇ ਉਸ ਨੂੰ ਜੱਫੀ ਪਾਈ ਤਾਂ ਉਹ ਜੋਆਕੁਇਨ ਵੱਲ ਦੇਖਕੇ ਮੁਸਕਰਾਈ, 'ਕੀ ਤੇਰਾ ਦਿਨ ਚੰਗਾ ਰਿਹਾ ਹੈ?'

ਜੋਆਕੁਇਨ ਨੇ ਕੋਈ ਜਵਾਬ ਨਾ ਦਿੱਤਾ।

ਉਸ ਦੀ ਮਾਂ ਨੇ ਉਸ ਦੇ ਕੋਲ ਝੁਕ ਕੇ ਉਸ ਦੇ ਵਾਲਾਂ ਨੂੰ ਹੌਲੀ-ਹੌਲੀ ਸਹਿਲਾਇਆ, 'ਜੋਆਕੁਇਨ, ਕੀ ਹੋਇਆ ਹੈ?'

'ਮੈਂ ਸਾਰਾ ਦਿਨ ਆਪਣੀ ਅੰਗਰੇਜ਼ੀ ਬਾਰੇ ਸ਼ਰਮਿੰਦਾ ਅਤੇ ਚਿੰਤਤ ਮਹਿਸੂਸ ਕਰਦਾ ਆ ਰਿਹਾ ਹਾਂ। ਮੈਂ ਤੁਹਾਡੀ ਮਦਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੈਂ ਅਜਿਹਾ ਨਾ ਕਰ ਸਕਿਆ। ਮੈਂ ਚਾਹੁੰਦਾ ਹਾਂ ਕਿ ਮੇਰੀ ਅੰਗਰੇਜ਼ੀ ਉੱਤਮ ਹੋਵੇ, ਪਰ ਮੈਨੂੰ ਬੋਲਣਾ ਡਰਾਉਣਾ ਲੱਗਦਾ ਹੈ। ਇਹ ਬਹੁਤ ਸੌਖਾ ਹੋਵੇਗਾ ਜੇ ਇੰਗਲੈਂਡ ਵਿੱਚ ਹਰ ਕੋਈ ਸਪੈਨਿਸ਼ ਜਾਂ ਕੁਝ ਅਜਿਹਾ ਬੋਲਣ ਜੋ ਮੈਂ ਸਮਝ ਸਕਾਂ। ਇਹ ਬਹੁਤ ਮੁਸ਼ਕਿਲ ਹੈ। ਮੈਂ ਘਰ ਜਾਣਾ ਚਾਹੁੰਦਾ ਹਾਂ।'

ਜੋਆਕੁਇਨ ਦੀ ਮਾਂ ਨੇ ਧਿਆਨ ਨਾਲ ਸੁਣਿਆ।

ਜਦੋਂ ਜੋਆਕੁਇਨ ਆਪਣੇ ਹੰਝੂ ਪੂੰਝਣ ਲਈ ਰੁੱਕਿਆ, ਤਾਂ ਉਸਨੇ ਕਿਹਾ, 'ਕੋਈ ਗੱਲ ਨਹੀਂ, ਮੇਰੇ ਪਿਆਰੇ। ਨਵੀਆਂ ਚੀਜ਼ਾਂ ਸਿੱਖਣ ਵਿੱਚ ਸਮਾਂ ਲੱਗਦਾ ਹੈ। ਮੈਂ ਇਹ ਸਮਝਦੀ ਹਾਂ। ਤੂੰ ਇੱਕ ਚੰਗਾ ਮੁੰਡਾ ਹੈ ਕਿ ਤੂੰ ਮੇਰੀ ਮਦਦ ਕਰਨ ਦੀ ਇੱਛਾ ਕੀਤੀ। ਤੇਰਾ ਧੰਨਵਾਦ।'

ਉਸ ਨੇ ਉਸ ਦੇ ਮੱਥੇ ਨੂੰ ਚੁੰਮਿਆ, 'ਤੈਨੂੰ ਸੰਪੂਰਨ ਹੋਣ ਦੀ ਲੋੜ ਨਹੀਂ ਹੈ। ਕੋਈ ਵੀ ਸੰਪੂਰਨ ਨਹੀਂ ਹੁੰਦਾ। ਤੈਂਨੂੰ ਸਿਰਫ਼ ਆਤਮ-ਵਿਸ਼ਵਾਸੀ ਹੋਣ ਦੀ ਲੋੜ ਹੈ।' ਉਹ ਮੁਸਕਰਾਈ, 'ਤੂੰ ਬਹੁਤ ਵਧੀਆ ਕਰ ਰਿਹਾ ਹੈਂ ਅਤੇ ਮੈਨੂੰ ਤੇਰੇ 'ਤੇ ਮਾਣ ਹੈ। ਹਾਰ ਨਾ ਮੰਨ, ਜੋਆਕੁਇਨ।'

ਜੋਆਕੁਇਨ ਨੇ ਸਿਰ ਹਿਲਾਇਆ।

ਬੱਸ ਅੱਡੇ ਵੱਲ ਜਾਂਦੇ ਸਮੇਂ, ਉਸਨੇ ਆਪਣੀ ਮਾਂ ਦੇ ਸ਼ਬਦਾਂ ਬਾਰੇ ਸੋਚਿਆ ਅਤੇ ਮਹਿਸੂਸ ਕੀਤਾ ਕਿ ਉਹ ਸਹੀ ਸੀ। ਇੱਥੋਂ ਤੱਕ ਕਿ ਸਭ ਤੋਂ ਵਧੀਆ ਲੋਕ ਵੀ ਕਈ ਵਾਰ ਗੜਬੜ ਕਰਦੇ ਹਨ ਅਤੇ ਗਲਤੀਆਂ ਕਰਦੇ ਹਨ। ਜੋਆਕੁਇਨ ਨੇ ਸੋਚਿਆ ਕਿ ਜੋ ਚੀਜ਼ ਉਨ੍ਹਾਂ ਨੂੰ ਸਭ ਤੋਂ ਵਧੀਆ ਬਣਾਉਂਦੀ ਹੈ ਉਹ ਇਹ ਸੀ ਕਿ ਉਹ ਉੱਠੇ ਅਤੇ ਅਗਲੇ ਦਿਨ ਦੁਬਾਰਾ ਕੋਸ਼ਿਸ਼ ਕੀਤੀ। ਜੇ ਉਹ ਆਤਮ-ਵਿਸ਼ਵਾਸੀ ਸੁਣਾਈ ਦਿੰਦਾ ਅਤੇ ਆਪਣਾ ਸਿਰ ਉੱਚਾ ਰੱਖਦਾ, ਤਾਂ ਉਹ ਕੁਝ ਵੀ ਕਰ ਸਕਦਾ ਸੀ।

ਬੱਸ ਉਨ੍ਹਾਂ ਨੂੰ ਘਰ ਲਿਜਾਣ ਲਈ ਪਹੁੰਚੀ। ਬੱਸ ਫਿਰ ਤੋਂ ਭਰੀ ਹੋਈ ਸੀ, ਅਤੇ ਜੋਆਕੁਇਨ ਨੇ ਸੂਟ ਪਹਿਨੇ ਲੋਕਾਂ, ਸਕੂਲੀ ਬੱਚਿਆਂ ਅਤੇ ਕੁੱਤਿਆਂ ਨਾਲ ਔਰਤਾਂ ਨੂੰ ਦੇਖਿਆ, ਉਹ ਸਾਰੇ ਇੱਕ ਦੂਜੇ ਨਾਲ ਗੱਲਾਂ ਕਰ ਰਹੇ ਸੀ ਜਾਂ ਆਪਣੇ ਫੋਨ 'ਤੇ ਲੱਗੇ ਸਨ। ਉਹ ਵਿਸ਼ਵਾਸ ਨਾਲ ਗੱਲਾਂ ਕਰ ਰਹੇ ਸਨ, ਅਤੇ ਜੇ ਉਨ੍ਹਾਂ ਨੇ ਕੋਈ ਗਲਤੀ ਕੀਤੀ, ਤਾਂ ਉਹ ਉਸ ਨੂੰ ਹਾਸੇ ਵਿੱਚ ਉਡਾ ਦੇਣਗੇ।

ਜਦੋਂ ਉਹ ਆਪਣੇ ਸਟਾਪ 'ਤੇ ਪਹੁੰਚੇ, ਤਾਂ ਜੋਆਕੁਇਨ ਅਤੇ ਉਸ ਦੀ ਮਾਂ ਬੱਸ ਤੋਂ ਉਤਰ ਗਏ, ਅਤੇ ਜੋਆਕੁਇਨ ਚਮਕ, ਆਤਮ-ਵਿਸ਼ਵਾਸ ਨਾਲ ਬੱਸ ਡਰਾਈਵਰ ਵੱਲ ਮੁੜਿਆ, ਅਤੇ ਕਿਹਾ 'ਤੁਹਾਡਾ ਧੰਨਵਾਦ!'

ਬੱਸ ਡਰਾਈਵਰ ਮੁਸਕਰਾਇਆ ਅਤੇ ਉਸਦਾ ਵਾਪਸ ਧੰਨਵਾਦ ਕੀਤਾ। ਜਿਵੇਂ ਹੀ ਜੋਆਕੁਇਨ ਅਤੇ ਉਸ ਦੀ ਮਾਂ ਘਰ ਨੂੰ ਤੁਰੇ, ਉਸ ਨੇ ਫੈਸਲਾ ਕੀਤਾ ਕਿ ਗ਼ਲਤੀਆਂ ਇੰਨੀਆਂ ਵੀ ਮਾੜੀਆਂ ਨਹੀਂ ਸਨ।

Enjoyed this story?
Find out more here