KidsOut World Stories

ਸਰਾਪ Vasconcelos Monteiro    
Previous page
Next page

 

 

 

 

ਸਰਾਪ

ਇੱਕ ਪੁਰਤਗਾਲੀ ਕਹਾਣੀ

 

 

 

 

 

*

ਬਹੁਤ ਸਮਾਂ ਪਹਿਲਾਂ, ਵਿਸ਼ਾਲ ਜੰਗਲ ਦੇ ਕੰਢੇ ਇੱਕ ਛੋਟਾ ਜਿਹਾ ਪਿੰਡ ਸੀ। ਆਮ ਤੌਰ 'ਤੇ ਇਸ ਪਿੰਡ ਵਿੱਚ ਸ਼ਾਂਤੀ ਹੀ ਰਹਿੰਦੀ ਸੀ, ਪਰ ਪਿੰਡ ਵਾਲੇ ਲੋਬੀਜ਼ੋਨ ਦੇ ਖੌਫ ਵਿੱਚ ਜੀਅ ਰਹੇ ਸਨ। ਕਿਹਾ ਜਾਂਦਾ ਸੀ ਕਿ ਲੋਬੀਜ਼ੋਨ ਗਹਿਰੇ ਜੰਗਲ ਦੇ ਵਿੱਚ ਹੀ ਰਹਿੰਦੇ ਸਨ। ਲੋਬੀਜ਼ੋਨ ਭਿਆਨਕ ਦਿਖਣ ਵਾਲੇ ਜੀਵ ਸਨ, ਜਿਨ੍ਹਾਂ ਦਾ ਅੱਧਾ ਸਰੀਰ ਇਨਸਾਨ ਦਾ ਅਤੇ ਅੱਧਾ ਬਘਿਆੜ ਦਾ ਹੁੰਦਾ ਸੀ। ਕਿਹਾ ਜਾਂਦਾ ਸੀ ਕਿ ਹਰੇਕ ਪੂਰਨਮਾਸ਼ੀ ਵਾਲੇ ਦਿਨ ਇਹ ਜੀਵ, ਮਾਨਵ ਮਾਸ ਦੀ ਭਾਲ ਵਿੱਚ ਜੰਗਲ ਤੋਂ ਬਾਹਰ ਨਿਕਲਦੇ ਸਨ। 

ਪਰ ਇਸ ਤਰ੍ਹਾਂ ਦਾ ਜੀਵ ਅਸਤਿੱਤਵ ਵਿੱਚ ਕਿਵੇਂ ਆਇਆ? ਇਸ ਦਾ ਉੱਤਰ ਸਿੱਧਾ ਜਿਹਾ ਹੈ: ਕਿਸੇ ਵੀ ਪਰਿਵਾਰ ਵਿੱਚ ਜੰਮੇ ਸੱਤਵੇਂ ਪੁੱਤਰ ਨੂੰ ਮਿਲਿਆ ਸਰਾਪ। ਇਹ ਸਰਾਪ ਕਿਸੇ ਵੀ ਧੀ ਨੂੰ ਨਹੀਂ ਲੱਗੇਗਾ, ਪਰ ਜੇਕਰ ਕੋਈ ਮਾਂ ਸੱਤ ਪੁੱਤਰਾਂ ਨੂੰ ਜਨਮ ਦਿੰਦੀ ਹੈ ਤਾਂ, ਇਨ੍ਹਾਂ ਪੁੱਤਰਾਂ ਵਿਚੋਂ ਅਖ਼ੀਰਲਾ ਯਕੀਨੀ ਤੌਰ 'ਤੇ ਲੋਬੀਜ਼ੋਨ ਬਣੇਗਾ।

ਜਦੋ ਫਿਲਿਪ ਪੈਦਾ ਹੋਇਆ ਉਸਦੀ ਮਾਂ ਡਰੀ ਹੋਈ ਸੀ। ਉਸਦੀ ਮਾਂ ਨੇ ਇੱਕ ਧੀ ਦੀ ਉਮੀਦ ਕੀਤੀ ਸੀ, ਸੱਤਵੇਂ ਪੁੱਤਰ ਦੀ ਨਹੀਂ। ਪਰ ਫਿਲਿਪ ਦੀ ਮਾਂ ਦਿਆਲੂ ਅਤੇ ਸਨੇਹ ਕਰਨ ਵਾਲੀ ਔਰਤ ਸੀ। ਭਾਵੇਂ ਪਿੰਡ ਦੇ ਲੋਕ ਸਰਾਪ ਬਾਰੇ ਕੁੱਝ ਵੀ ਕਹਿ ਰਹੇ ਹੋਣ, ਉਹ ਅਪਣੇ ਖੁਦ ਦੇ ਬੱਚੇ ਤੋਂ ਮੂੰਹ ਮੋੜਨ ਵਾਲੀ ਨਹੀਂ ਸੀ। 

ਕਈ ਸਾਲ ਸ਼ਾਂਤੀ ਨਾਲ ਗੁਜ਼ਰ ਗਏ। ਫਿਲਿਪ ਹੁਣ ਵੱਡਾ ਹੋ ਕੇ, ਇੱਕ ਤਾਕਤਵਰ ਮੁੰਡਾ ਬਣ ਗਿਆ ਸੀ। ਉਸਨੂੰ ਉਸਦੇ ਮਾਤਾ, ਪਿਤਾ ਅਤੇ ਛੇ ਭਰਾ ਬਹੁਤ ਪਿਆਰ ਕਰਦੇ ਸਨ। ਪਰ ਫਿਲਿਪ ਨੇ ਕਈ ਵਾਰ ਉਸਦੇ ਭਰਾਵਾਂ ਦਾ, ਉਸ ਪ੍ਰਤੀ ਅਲੱਗ ਤਰੀਕੇ ਦਾ ਰਵੱਈਆ ਮਹਿਸੂਸ ਕੀਤਾ ਸੀ। ਉਹ ਕਦੇ ਸਕੂਲ ਵੀ ਨਹੀਂ ਗਿਆ ਕਿਉਂਕਿ ਸਕੂਲ ਦੇ ਅਧਿਆਪਕ ਨੇ ਇਸਦੀ ਇਜਾਜ਼ਤ ਹੀ ਨਹੀਂ ਦਿੱਤੀ। ਇਹ ਉਚਿੱਤ ਨਹੀਂ ਸੀ ਕਿਉਂਕਿ ਨੌਜਵਾਨ ਮੁੰਡੇ ਨੂੰ ਨਵੀਆਂ ਚੀਜ਼ਾਂ ਸਿੱਖਣਾ ਬਹੁਤ ਪਸੰਦ ਸੀ। ਨਾਲ ਹੀ ਉਸਨੂੰ ਦੂਜੇ ਬੱਚਿਆ ਨਾਲ ਦੋਸਤੀ ਕਰਨ ਦੀ ਵੀ ਬਹੁਤ ਇੱਛਾ ਸੀ।

ਜੇਕਰ ਫਿਲਿਪ ਦੀ ਮਾਂ ਕਦੇ ਉਸਨੂੰ ਬ੍ਰੈਡ ਲੈ ਕੇ ਆਉਣ ਜਾਂ ਕਿਸੇ ਹੋਰ ਕੰਮ ਲਈ ਘਰ ਤੋਂ ਬਾਹਰ ਭੇਜਦੀ, ਤਾਂ ਪਿੰਡ ਦੇ ਲੋਕ ਕਦੇ ਵੀ ਉਸਦੇ ਰਾਹ ਵਿੱਚ ਨਹੀਂ ਆਉਂਦੇ। ਉਹ ਹਮੇਸ਼ਾਂ ਉਸ ਵੱਲ ਡਰ ਅਤੇ ਗੁੱਸੇ ਨਾਲ ਵੇਖਦੇ, ਅਜਿਹਾ ਰਵੱਈਆ ਇਸ ਨੋਜਵਾਨ ਮੁੰਡੇ ਨੂੰ ਬੇਚੈਨ ਕਰ ਦਿੰਦਾ ਸੀ। ਹੋਰ ਬੱਚੇ ਉਸਦੇ ਨਾਲ ਨਹੀਂ ਖੇਡਦੇ ਸਨ। ਜਦੋਂ ਪੂਰਨਮਾਸ਼ੀ ਆਉਂਦੀ ਤਾਂ ਉਸਨੂੰ ਬਾਹਰ ਬਗੀਚੇ ਵਿੱਚ ਜਾਣ ਨਹੀਂ  ਦਿੱਤਾ ਜਾਂਦਾ ਸੀ।

ਇਹ ਆਖਰੀ ਗੱਲ ਉਸਨੂੰ ਸ਼ਾਇਦ ਸੱਭ ਤੋਂ ਜਿਆਦਾ ਬੁਰੀ ਲੱਗਦੀ ਸੀ ਕਿਉਂਕਿ ਫਿਲਿਪ ਨੂੰ ਚੰਦਰਮਾ ਬਹੁਤ ਪਸੰਦ ਸੀ। ਉਸਦੇ ਵਿੱਚ ਕੁੱਝ ਗੱਲ ਤਾਂ ਜਰੂਰ ਸੀ, ਖਾਸ ਕਰਕੇ ਜਦੋਂ ਪੂਰਨਮਾਸ਼ੀ ਆਉਂਦੀ ਅਤੇ ਇਹ ਰਾਤ ਦੇ ਅਸਮਾਨ ਵਿੱਚ ਪੂਰਾ ਗੋਲ ਦਿਖਾਈ ਦਿੰਦਾ, ਅਜਿਹਾ ਲੱਗਦਾ ਜਿਵੇਂ ਇਹ ਦ੍ਰਿਸ਼ ਫਿਲਿਪ ਨੂੰ ਕੁੱਝ ਕਹਿ ਰਿਹਾ ਹੁੰਦਾ ਅਤੇ ਉਸਦੀ ਆਤਮਾ ਨੂੰ ਜਗਾ ਦਿੰਦਾ, ਅਤੇ ਉਸ ਦਾ ਮਨ ਗਾਉਣ, ਨੱਚਣ ਅਤੇ ਦੌੜਨ ਲਈ ਕਰਦਾ। 

ਹਾਲਾਂਕਿ ਜ਼ਿੰਦਗੀ ਵਿੱਚ ਸ਼ਾਂਤੀ ਤਾਂ ਸੀ, ਪਰ ਖੁਸ਼ੀ ਨਹੀਂ ਸੀ। ਹਰ ਗੁਜ਼ਰਦੇ ਸਾਲ ਨਾਲ, ਫਿਲਿਪ ਅਪਣੇ ਆਪ ਵਿੱਚ ਹੋਰ ਵੀ ਜਿਆਦਾ ਇਕੱਲਾ ਮਹਿਸੂਸ ਕਰ ਰਿਹਾ ਸੀ। ਉਸਦਾ ਕੋਈ ਦੋਸਤ ਨਹੀਂ ਸੀ ਅਤੇ ਨਾ ਹੀ ਕਦੇ ਉਸਨੂੰ ਬਾਕੀ ਬੱਚਿਆਂ ਨਾਲ ਖੇਡਣ ਲਈ ਬੁਲਾਇਆ ਗਿਆ। ਕਈ ਵਾਰ ਜਦੋਂ ਉਹ ਹੋਰ ਬੱਚਿਆਂ ਦੇ ਹਾਸੇ ਦੀ ਆਵਾਜ਼ ਸੁਣਦਾ ਤਾਂ ਉਹ ਕਲਪਨਾ ਕਰਦਾ ਕਿ ਉਹ ਕਿਹੜੀ ਖੇਡਾਂ ਖੇਡ ਰਹੇ ਹੋਣਗੇ ਅਤੇ ਉਨ੍ਹਾਂ ਸੱਭ ਨੂੰ ਕਿੰਨਾ ਮਜ਼ਾ ਆ ਰਿਹਾ ਹੋਵੇਗਾ। 

ਫਿਲਿਪ ਨੇ ਮਹਿਸੂਸ ਕੀਤਾ ਕਿ ਉਸ ਦੀ ਮਾਂ ਅਤੇ ਭਰਾਵਾਂ ਨੇ ਵੀ ਉਸ ਵੱਲ ਅਜੀਬ ਤਰੀਕੇ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਸੀ। 

ਫਿਲਿਪ ਅਕਸਰ ਅਪਣੇ ਆਪ ਨੂੰ ਪੁੱਛਦਾ, 'ਮੇਰੇ ਵਿੱਚ ਆਖਿਰ ਕੀ ਬੁਰਾਈ ਹੈ। ਮੈਂ ਇੰਨਾ ਵੀ ਬੁਰਾ ਮੁੰਡਾ ਨਹੀਂ ਹਾਂ। ਮੈਂ ਹਮੇਸ਼ਾ ਮੇਰੇ ਸਾਰੇ ਕੰਮ ਕਰਦਾ ਹਾਂ ਅਤੇ ਲਗਭਗ ਕਦੇ ਵੀ ਬਦਤਮੀਜ਼ੀ ਨਹੀਂ ਕਰਦਾ। ਕਿਉਂ ਮੇਰੇ ਨਾਲ ਬਾਕੀ ਬੱਚੇ ਅਲੱਗ ਤਰੀਕੇ ਨਾਲ ਵਰਤਾਅ ਕਰਦੇ ਹਨ?'

ਜਦ ਫਿਲਿਪ ਦਾ ਪੰਦਰਵਾਂ ਜਨਮ ਦਿਨ ਨੇੜੇ ਆਇਆ, ਉਹ ਹੁਣ ਤੱਕ ਸਭ ਤੋਂ ਜਿਆਦਾ ਉਦਾਸ ਸੀ।

ਉਸਦੀ ਮਾਂ ਉਸਨੂੰ ਵਿਰਲੇ ਹੀ ਕਦੇ ਘਰੋਂ ਨਿਕਲਣ ਦਿੰਦੀ ਸੀ। ਉਹ ਅਕਸਰ ਫਿਲਿਪ ਦੀ ਸੰਗਤ ਵਿੱਚ ਵਿਆਕੁਲ ਲੱਗਦੀ ਸੀ। ਜੇਕਰ ਕਦੇ ਫਿਲਿਪ ਅਪਣੇ ਆਪ, ਉਸਦੇ ਘਰ ਦੇ ਨੇੜੇ ਖੇਡਦਾ ਤਾਂ, ਸ਼ਰਾਰਤੀ ਬੱਚੇ ਕਈ ਵਾਰ ਉਸਨੂੰ ਪੱਥਰ ਮਾਰ ਦਿੰਦੇ। ਪਰ ਜਦ ਕਦੇ ਫਿਲਿਪ ਉਨ੍ਹਾਂ ਨੂੰ ਲਲਕਾਰਨ ਲਈ ਮੁੜਦਾ ਤਾਂ ਉਹ ਸੱਭ ਚੀਕਾਂ ਮਾਰਦੇ ਹੋਏ ਉਥੋਂ ਭੱਜ ਜਾਂਦੇ, ਜਿਵੇਂ ਕਿ ਉਨ੍ਹਾਂ ਨੇ ਕੋਈ ਰਾਖਸ਼ ਦੇਖ ਲਿਆ ਹੋਵੇ। ਕਦੇ-ਕਦੇ ਫਿਲਿਪ ਦਾ ਦਿਲ ਕਰਦਾ ਸੀ ਕਿ ਉਹ ਵਿਸ਼ਾਲ ਜੰਗਲ ਵਿੱਚ ਭੱਜ ਜਾਵੇ ਅਤੇ ਕਦੇ ਵਾਪਸ ਨਾ ਆਵੇ।

ਇੱਕ ਦਿਨ ਉਸਦੀ ਮਾਂ ਨੇ ਉਸਨੂੰ ਆਪਣੇ ਕੋਲ ਬਿਠਾ ਕੇ, ਉਸਨੂੰ ਉਸਦੀ ਪਰੇਸ਼ਾਨੀ ਦਾ ਕਾਰਣ ਸਮਝਾਇਆ। ਮਾਂ ਨੇ ਕਿਹਾ, 'ਤੂੰ ਮੇਰਾ ਸੱਤਵਾਂ ਪੁੱਤਰ ਹੈ। ਮੇਰੇ ਬੱਚੇ, ਤੇਰੇ ਉੱਤੇ ਇੱਕ ਸਰਾਪ ਹੈ।‘ 

ਫਿਲਿਪ ਬਹੁਤ ਉਲਝਣ ਵਿੱਚ ਸੀ। ਉਸਨੇ ਪੁੱਛਿਆ, 'ਕਿਸ ਕਿਸਮ ਦਾ ਸ਼ਰਾਪ ?'

ਮਾਂ ਨੇ ਜਵਾਬ ਦਿੱਤਾ, 'ਤੇਰੇ ਪੰਦਰਵੇਂ ਜਨਮ ਦਿਨ 'ਤੇ ਤੂੰ ਇੱਕ ਲੋਬੀਜ਼ੋਨ ਦੇ ਵਿੱਚ ਬਦਲ ਜਾਵੇਗਾ।' ਇੱਕ ਅਜਿਹਾ ਜੀਵ ਜੋ ਅੱਧਾ ਇਨਸਾਨ ਅਤੇ ਅੱਧਾ ਬਘਿਆੜ ਹੁੰਦਾ ਹੈ।'

ਫਿਲਿਪ ਲੋਬੀਜ਼ੋਨ ਬਾਰੇ ਸੱਭ ਕੁੱਝ ਜਾਣਦਾ ਸੀ। ਉਸਨੇ ਅਪਣੀਆਂ ਕਿਤਾਬਾਂ ਵਿੱਚ ਇਸ ਬਾਰੇ ਪੜ੍ਹਿਆ ਸੀ। ਨਾਲ ਹੀ ਜਦੋਂ ਰਾਤ ਨੂੰ ਉਸਦੇ ਭਰਾ, ਇਹ ਸੋਚਦੇ ਹੋਏ ਕਿ ਫਿਲਿਪ ਸੌਂ ਗਿਆ ਹੈ, ਲੋਬੀਜ਼ੋਨ ਬਾਰੇ ਕਹਾਣੀਆਂ ਸਾਂਝੀਆਂ ਕਰਦੇ, ਉਹ ਉਨ੍ਹਾਂ ਦੀਆਂ ਗੱਲਾਂ ਸੁਣ ਲੈਂਦਾ ਸੀ।

ਪਰ ਉਸਦੇ ਭਰਾਵਾਂ ਨੇ ਕਦੇ ਵੀ ਫਿਲਿਪ ਨੂੰ ਇਹ ਗੱਲ ਨਹੀਂ ਦੱਸੀ ਕਿ ਉਸ 'ਤੇ ਇਸ ਤਰ੍ਹਾਂ ਦਾ ਕੋਈ ਸ਼ਰਾਪ ਹੈ। ਉਹ ਇੱਕ ਲੋਬੀਜ਼ੋਨ ਨਹੀਂ ਬਣਨਾ ਚਾਹੁੰਦਾ ਸੀ। ਉਹ ਕੋਈ ਦੁਸ਼ਟ ਜਾਂ ਜ਼ਾਲਮ ਨਹੀਂ ਬਣਨਾ ਚਾਹੁੰਦਾ ਸੀ। ਉਸਨੂੰ ਬਿਲਕੁੱਲ ਵੀ ਅੰਦਾਜ਼ਾ ਨਹੀਂ ਸੀ ਕਿ ਲੰਬੇ ਪੰਜੇ ਹੋਣਾ ਅਤੇ ਪੂਰੇ ਸ਼ਰੀਰ 'ਤੇ ਵਾਲਾਂ ਦੀ ਮੋਟੀ ਪਰਤ ਦਾ ਹੋਣਾ ਕਿਵੇਂ ਦਾ ਲੱਗਦਾ ਹੈ।

ਅਪਣੇ ਪੰਦਰਵੇਂ ਜਨਮ ਦਿਨ ਦੀ ਸ਼ਾਮ ਨੂੰ, ਛੋਟਾ ਫਿਲਿਪ ਇੰਨਾ ਉਦਾਸ ਸੀ ਜਿੰਨਾ ਉਹ ਕਦੇ ਅਪਣੀ ਪੂਰੀ ਜਿੰਦਗੀ ਵਿੱਚ ਨਹੀਂ ਸੀ ਹੋਇਆ। ਉਹ ਹਨੇਰੇ ਵਿੱਚ ਅਪਣੇ ਬਿਸਤਰ ਵਿੱਚ ਬੈਠ ਗਿਆ ਅਤੇ ਰੋਣ ਲੱਗ ਪਿਆ। ਉਸਨੇ ਸੋਚਿਆ, 'ਮੈਂ ਹਮੇਸ਼ਾਂ ਤੋਂ ਇਕੱਲਾ ਰਿਹਾ ਹਾਂ। ਮੇਰੇ ਨਾਲ ਹਮੇਸ਼ਾਂ ਤੋਂ ਅਲੱਗ ਤਰੀਕੇ ਦਾ ਵਰਤਾਅ ਹੋਇਆ। ਅਤੇ ਹੁਣ ਮੈਂਨੂੰ ਇੱਕ ਲੋਬੀਜ਼ੋਨ ਬਣਨ ਦਾ ਸ਼ਰਾਪ ਮਿਲ ਗਿਆ ਹੈ। ਹੁਣ ਮੈਂ ਕੀ ਕਰਾਂ ? ਮੈਂ ਹਮੇਸ਼ਾਂ ਤੋਂ ਕੇਵਲ ਇੰਨੀ ਹੀ ਇੱਛਾ ਰੱਖੀ ਕਿ ਮੇਰੇ ਨਾਲ ਵੀ ਬਾਕੀਆਂ ਦੀ ਤਰ੍ਹਾ ਵਰਤਾਅ ਕੀਤਾ ਜਾਵੇ। ਮੈਂ ਹਮੇਸ਼ਾਂ ਤੋਂ ਬੱਸ ਇੰਨੀ ਹੀ ਚਾਹ ਰੱਖੀ ਕਿ ਮੈ ਜੰਗਲ ਵਿੱਚ ਦੋਸਤਾਂ ਨਾਲ ਖੇਡਾਂ ਅਤੇ ਰਾਤ ਨੂੰ ਚੰਦਰਮਾ ਦੀ ਰੌਸ਼ਨੀ ਨੂੰ ਦੇਖ ਕੇ ਉਸਦੀ ਤਾਰੀਫ ਕਰਾਂ।'

ਉਸੇ ਵਕਤ ਫਿਲਿਪ ਨੇ ਅਪਣੇ ਕਮਰੇ ਦੀ ਖਿੜਕੀ ਤੋਂ ਬਾਹਰ ਦੇਖਿਆ ਅਤੇ ਉਸ ਨੇ ਪਾਇਆ ਕਿ ਚੰਦਰਮਾ, ਗਹਿਰੇ ਨੀਲੇ ਰੰਗ ਦੇ, ਤਾਰਿਆਂ ਨਾਲ ਭਰੇ, ਰਾਤ ਦੇ ਅਸਮਾਨ ਵਿੱਚ ਚੜ੍ਹ ਰਿਹਾ ਸੀ। ਇਹ ਇੱਕ ਵੱਡਾ, ਸੋਹਣਾ, ਪੂਰਨਮਾਸ਼ੀ ਦਾ ਚੰਦ ਸੀ ਅਤੇ ਇਸਨੇ ਫਿਲਿਪ ਦਾ ਦਿਲ ਖੁਸ਼ੀ ਨਾਲ ਭਰ ਦਿੱਤਾ। ਫਿਰ ਕੁਝ ਬਹੁਤ ਹੀ ਅਜੀਬ ਜਿਹਾ ਹੋਇਆ: ਫਿਲਿਪ ਨੇ ਆਪਣੇ ਢਿੱਡ ਵਿਚ ਇੱਕ ਹਲਚਲ ਮਹਿਸੂਸ ਕੀਤੀ। ਉਸਦੀ ਪੂਰੀ ਚਮੜੀ ਵਿੱਚ ਖੁਜਲੀ ਹੋਣ ਲੱਗੀ। ਉਸਦੀ ਛਾਤੀ ਵਿਚੋਂ ਹਵਾਂਕਣ ਦੀ ਆਵਾਜ਼ ਆਉਣ ਲੱਗੀ ਅਤੇ ਉਸਨੇ ਅਪਣੇ ਹੱਥਾਂ ਨੂੰ ਚੰਦਰਮਾ ਵੱਲ ਚੁੱਕ ਲਿਆ, ਅਤੇ ਉਸ ਵੱਲ ਦੇਖ ਕੇ ਉਸਨੂੰ ਏਦਾਂ ਬੁਲਾਉਣ ਲੱਗਾ ਜਿਵੇਂ ਉਸਨੇ ਕਦੇ ਨਹੀਂ ਕੀਤਾ ਸੀ। 

ਉਸਦਾ ਪੂਰਾ ਸਰੀਰ ਵਾਲਾਂ ਨਾਲ ਭਰ ਗਿਆ। ਉਸਦੇ ਉਂਗਲਾਂ ਅਤੇ ਪੈਰਾਂ ਦੇ ਨਹੁੰ ਲੰਮੇ ਹੋਕੇ ਪੰਜੇ ਬਣ ਗਏ। ਜਿਨ੍ਹਾਂ ਦਾ ਰੰਗ ਅਜਿਹਾ ਸੀ ਜਿਵੇਂ ਹਾਥੀ ਦੇ ਦੰਦਾਂ ਦਾ ਹੁੰਦਾ ਹੈ। ਉਸਦੇ ਕਪੜੇ ਫਟ ਕੇ ਲੀਰੋ-ਲੀਰ ਹੋਕੇ, ਫਰਸ਼ ਤੇ ਉਸਦੇ ਪੈਰਾਂ 'ਚ ਡਿੱਗ ਪਏ। ਅਤੇ ਜਦ ਫਿਲਿਪ ਨੇ ਸ਼ੀਸ਼ੇ ਵਿਚ ਦੇਖਿਆ, ਤਾਂ ਉਸਨੂੰ ਉਸ ਵੱਲ ਦੇਖਦਾ ਹੋਇਆ, ਇੱਕ ਉੱਚੇ ਕੱਦ ਦਾ, ਬਘਿਆੜ ਦੇ ਚਿਹਰੇ ਵਾਲਾ ਮੁੰਡਾ ਦਿਖਾਈ ਦਿੱਤਾ, ਜਿਸ ਦਾ ਪੂਰਾ ਸਰੀਰ ਵਾਲਾਂ ਦੀ ਇੱਕ ਮੋਟੀ ਪਰਤ ਨਾਲ ਢੱਕਿਆ ਹੋਇਆ ਸੀ, ਅਤੇ ਉਸਦੀਆਂ ਖੂੰਖਾਰ ਅੱਖਾਂ ਹਨੇਰੇ ਵਿੱਚ ਚਮਕ ਰਹੀਆਂ ਸਨ।

'ਤਾਂ ਮੈ ਇੱਕ ਲੋਬੀਜ਼ੋਨ ਹਾਂ !' ਉਸਨੇ ਹੈਰਾਨੀ ਨਾਲ ਕਿਹਾ।

ਫਿਲਿਪ ਨੂੰ ਚੰਦਰਮਾ ਅਤੇ ਜੰਗਲ ਦਾ ਬੁਲਾਵਾ ਮਹਿਸੂਸ ਹੋਇਆ। ਉਹ ਜਾਣਦਾ ਸੀ ਕਿ ਸਮਾਂ ਆ ਗਿਆ ਸੀ ਜਦ ਉਸ ਨੂੰ ਅਪਣੀ ਪੁਰਾਣੀ ਜਿੰਦਗੀ ਨੂੰ ਪਿੱਛੇ ਛੱਡਦੇ ਹੋਏ, ਅਪਣੀ ਕਿਸਮਤ ਨੂੰ ਗਲ ਲਾਉਣਾ ਸੀ। 

ਨੋਜਵਾਨ, ਬਘਿਆੜ ਦੇ ਚਿਹਰੇ ਵਾਲੇ ਮੁੰਡੇ ਨੇ ਅਪਣੇ ਕਮਰੇ ਦੀ ਖਿੜਕੀ ਨੂੰ ਖੋਲਿਆ। ਰਾਤ ਵਿੱਚ, ਖਿੜਕੀ ਤੋਂ ਬਾਹਰ ਛਾਲ ਮਾਰਨ ਤੋਂ ਪਹਿਲਾਂ, ਉਹ ਇੱਕ ਪਲ ਲਈ ਰੁਕਿਆ ਅਤੇ ਆਪਣੇ ਪੁਰਾਣੇ ਕਮਰੇ ਵਿੱਚ ਨਜ਼ਰ ਮਾਰ ਕੇ, ਅਖ਼ੀਰਲੀ ਵਾਰ ਦੇਖਣ ਲੱਗਿਆ। ਉਸਨੂੰ ਉਸਦੇ ਮਾਤਾ, ਪਿਤਾ ਅਤੇ ਛੇ ਭਰਾਵਾਂ ਦਾ ਖਿਆਲ ਆਇਆ, 'ਮੈ ਤੁਹਾਨੂੰ ਸੱਭ ਨੂੰ ਹਮੇਸ਼ਾਂ ਯਾਦ ਰੱਖਾਂਗਾ, ਮੇਰਾ ਪਿਆਰਾ ਪਰਿਵਾਰ, ਪਰ ਹੁਣ ਮੈਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਜੋ ਮੈ ਹਾਂ ਅਤੇ ਮੈਂ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਕਰਨੀ ਹੈ।'

ਫਿਰ ਉਸਨੇ ਆਪਣੀ ਖਿੜਕੀ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਜੰਗਲ ਵਿੱਚ ਭੱਜ ਗਿਆ। ਸਾਰੇ ਰਸਤੇ ਉਹ ਚੰਦਰਮਾ ਵੱਲ ਹਵਾਂਕਦਾ ਰਿਹਾ। ਉਸਦੇ ਦਿਲ ਵਿੱਚ ਭਵਿੱਖ ਨੂੰ ਲੈ ਕੇ ਅਲੱਗ ਤਰੀਕੇ ਦੀ ਨਵੀਂ ਉਮੀਦ ਸੀ।

ਜਦੋਂ ਫਿਲਿਪ ਗਹਿਰੇ ਵਿਸ਼ਾਲ ਜੰਗਲ ਵਿੱਚ ਪਹੁੰਚਿਆ, ਤਾਂ ਉਹ ਇੱਕ ਸੋਹਣੀ ਖੁੱਲੀ ਥਾਂ 'ਤੇ ਆ ਕੇ ਰੁਕ ਗਿਆ। ਉਹ ਉੱਪਰ ਪ੍ਰਾਚੀਨ ਰੁੱਖਾਂ ਵੱਲ ਅਤੇ ਉੱਚੇ ਅਸਮਾਨ ਵਿੱਚ ਸੋਹਣੇ ਚੰਦਰਮਾ ਵੱਲ ਦੇਖਣ ਲੱਗਿਆ। ਉਹ ਕਈ ਵਾਰੀ ਹਵਾਂਕਦਾ ਰਿਹਾ, ਉਹ ਚੀਕਾਂ ਮਾਰਦਾ, ਹਵਾਂਕਦਾ, ਹੱਸਦਾ ਅਤੇ ਨੱਚਦਾ... ਅਤੇ ਜਦੋਂ ਆਖਿਰਕਾਰ ਉਸ ਨੇ ਹਵਾਂਕਣਾ ਅਤੇ ਨੱਚਣਾ ਬੰਦ ਕਰ ਦਿੱਤਾ, ਤਾਂ ਉਸਨੇ ਆਪਣੇ ਆਲੇ-ਦੁਆਲੇ ਵੇਖਿਆ। ਉਸਨੇ ਧਿਆਨ ਦਿੱਤਾ ਕਿ ਹੋਰ ਵੀ ਕਈ ਲੋਬੀਜ਼ੋਨ ਉਸੇ ਖੁੱਲੀ ਥਾਂ ਤੇ ਇਕੱਠੇ ਹੋ ਗਏ ਸਨ। ਕੁੱਝ ਫਿਲਿਪ ਦੀ ਤਰ੍ਹਾ ਹੀ ਜਵਾਨ ਸਨ ਅਤੇ ਕੁੱਝ ਬਜ਼ੁਰਗ ਸਨ। 

ਉਹ ਸੱਭ ਫਿਲਿਪ ਵੱਲ ਵਧੇ ਅਤੇ ਉਨ੍ਹਾਂ ਨੇ ਉਸ ਦਾ ਸਵਾਗਤ ਕੀਤਾ। 

'ਤੂੰ ਹੁਣ ਆਪਣੇ ਘਰ ਵਿੱਚ ਹੈਂ, ਵਿਸ਼ਾਲ ਜੰਗਲ ਵਿੱਚ, ਆਪਣੇ ਦੋਸਤਾਂ ਦੇ ਵਿੱਚ।', ਇੱਕ ਲੋਬੀਜ਼ੋਨ ਨੇ ਪਿਆਰ ਨਾਲ ਕੋਮਲ ਸ਼ਬਦਾਂ ਵਿੱਚ ਕਿਹਾ। ਇਹ ਸੁਣਕੇ ਫਿਲਿਪ ਨੂੰ ਅਹਿਸਾਸ ਹੋਇਆ ਕਿ ਉਹ ਬਿਲਕੁਲ ਵੀ ਸ਼ਰਾਪਿਤ ਨਹੀਂ ਹੈ। 

'ਮੈਂ ਇੱਕ ਲੋਬੀਜ਼ੋਨ ਹਾਂ ਅਤੇ ਮੈਂ ਹੁਣ ਆਪਣੇ ਘਰ ਵਿੱਚ ਹਾਂ !' ਉਸਨੇ ਇੱਕ ਮੁਸਕਰਾਹਟ ਨਾਲ ਕਿਹਾ ਅਤੇ ਆਪਣੇ ਸਿਰ ਨੂੰ ਚੰਦਰਮਾ ਵਲ ਉਠਾ ਕੇ, ਆਪਣੀ ਪੂਰੀ ਤਾਕਤ ਨਾਲ ਹਵਾਂਕਣ ਲੱਗਿਆ। ਹੋਰ ਲੋਬੀਜ਼ੋਨ ਜੋ ਉੱਥੇ ਸਨ, ਉਹ ਵੀ ਉਸ ਦੇ ਨਾਲ ਹਵਾਂਕਣ ਲੱਗੇ। ਉਨ੍ਹਾਂ ਨੇ ਚੰਦਰਮਾ ਨੂੰ ਸਨਮਾਨ ਦਿੰਦਿਆਂ, ਰਾਤ ਦੇ ਅਸਮਾਨ ਵਿੱਚ ਇੱਕ ਸੁਰ ਦੇ ਵਿੱਚ ਹਵਾਂਕਣਾ ਦਿੱਤੀ।

ਕਈ ਮੀਲ ਦੂਰ, ਫਿਲਿਪ ਦੀ ਮਾਂ, ਆਪਣਾ ਨਾਇਟ ਗਾਉਨ ਪਾਏ ਹੋਏ, ਆਪਣੇ ਬਗੀਚੇ ਵਿੱਚ ਖੜ੍ਹੀ ਸੀ। ਫਿਲਿਪ ਦੀ ਮਾਂ ਨੂੰ ਜੰਗਲ ਵਿੱਚੋਂ ਆ ਰਹੀ ਠੰਡੀ ਹਵਾ ਵਿੱਚ ਲੋਬੀਜ਼ੋਨਾਂ ਦਾ ਇੱਕ-ਸੁਰ ਦੇ ਵਿੱਚ ਹਵਾਂਕਣਾ ਸੁਣਾਈ ਦਿੱਤਾ। ਬਜ਼ੁਰਗ ਔਰਤ ਨੂੰ ਮੁਸਕਰਾਹਟ ਆਈ ਕਿਉਂਕਿ ਉਹ ਜਾਣਦੀ ਸੀ ਕਿ ਉਸ ਦੇ ਸੱਤਵੇਂ ਮੁੰਡੇ ਨੇ ਆਖ਼ਰਕਾਰ ਆਪਣੇ ਵਾਸਤੇ ਇੱਕ ਘਰ ਲੱਭ ਲਿਆ ਸੀ। ਜਿੱਥੇ ਉਸਦਾ ਸਵਾਗਤ ਹੋਵੇਗਾ ਅਤੇ ਜਿੱਥੇ ਉਸਦੇ ਬਹੁਤ ਸਾਰੇ ਦੋਸਤ ਹੋਣਗੇ, ਅਤੇ ਉਹ ਇੱਕ ਲੰਮੀ ਅਤੇ ਖੁਸ਼ਹਾਲ ਜਿੰਦਗੀ ਜੀਵੇਗਾ।

Enjoyed this story?
Find out more here